ਦਿੱਲੀ ਹਵਾਈ ਅੱਡੇ ਤੇ ਛੇਤੀ ਜਾਣ ਲੱਗਣਗੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ
ਮੁੱਖ ਮੰਤਰੀ ਭਗਵੰਤ ਮਾਨ ਛੇਤੀ ਦੇਣਗੇ ਪੰਜਾਬੀਆਂ ਨੂੰ ਇਹ ਤੋਹਫਾ –ਲਾਲਜੀਤ ਸਿੰਘ ਭੁੱਲਰ
ਰਾਜਾ ਵੜਿੰਗ ਦੇ ਸਮੇਂ ਦੌਰਾਨ ਖਰੀਦੀਆਂ ਬੱਸਾਂ ਦੀਆਂ ਚਾਸੀਆਂ ਅਤੇ ਬਾਡੀਆਂ ਲਾਉਣ ਦੇ ਕੰਮਾਂ ਬਾਰੇ ਜਾਂਚ ਦੇ ਹੁਕਮ ਜਾਰੀ
ਮੋਹਾਲੀ ਬੱਸ ਸਟੈਂਡ ਸਮੇਤ ਬੰਦ ਪਏ ਸਾਰੇ ਪ੍ਰਾਜੈਕਟ ਕੀਤੇ ਜਾਣਗੇ ਮੁਕੰਮਲ –ਟਰਾਂਸਪੋਰਟ ਮੰਤਰੀ
ਦਵਿੰਦਰਜੀਤ ਸਿੰਘ ਦਰਸ਼ੀ
ਚੰਡੀਗੜ੍ਹ,11ਮਈ (ਵਿਸ਼ਵ ਵਾਰਤਾ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਛੇਤੀ ਹੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਾਣ ਲੱਗ ਜਾਣਗੀਆਂ । ਜਿਸ ਨਾਲ ਸਮੁੱਚੇ ਪੰਜਾਬੀਆਂ ਨੂੰ ਹਵਾਈ ਅੱਡੇ ਤੇ ਆਉਣ ਜਾਣ ਦਾ ਜਿੱਥੇ ਫਾਇਦਾ ਹੋਵੇਗਾ, ਉੱਥੇ ਹੀ ਉਹਨਾਂ ਦੀ ਪਿਛਲੇ ਕਾਫੀ ਸਮੇਂ ਤੋਂ ਪ੍ਰਾਈਵੇਟ ਆਪਰੇਟਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਵੀ ਛੁਟਕਾਰਾ ਮਿਲੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਛੇਤੀ ਹੀ ਪੰਜਾਬੀਆਂ ਨੂੰ ਇਹ ਖੁਸ਼ਖਬਰੀ ਦੇਣਗੇ।
ਟਰਾਂਸਪੋਰਟ ਮੰਤਰੀ ਨੇ ਵਿਸ਼ਵ ਵਾਰਤਾ ਸਮੇਤ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਵਿੱਚ ਪੂਰੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਨਵੀਂ ਸਮਾਂ ਸਾਰਣੀ ਬਣਾਈ ਜਾ ਰਹੀ ਹੈ ਜਿਸ ਨਾਲ ਕੁੱਝ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਖਾਤਮਾ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਬਰਾਬਰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਸ.ਭੁੱਲਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਖਰੀਦੀਆਂ ਗਈਆਂ 800 ਦੇ ਕਰੀਬ ਨਵੀਆਂ ਬੱਸਾਂ ਦੀਆਂ ਚਾਸੀਆਂ ਅਤੇ ਰਾਜਸਥਾਨ ਦੇ ਜੈਪੁਰ ਸ਼ਹਿਰ ਤੋਂ ਲਗਾਈਆਂ ਗਈਆਂ ਉਹਨਾਂ ਦੀਆਂ ਬਾਡੀਆਂ ਬਾਰੇ ਮਿਲੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹਨਾਂ ਬੱਸਾਂ ਦੀ ਬਾਡੀ ਪੰਜਾਬ ਵਿੱਚੋਂ ਨਾ ਲਗਵਾ ਕੇ ਰਾਜਸਥਾਨ ਦੀ ਫਰਮ ਪਾਸੋਂ ਮਹਿੰਗੇ ਭਾਅ ਬਾਡੀਆਂ ਲਗਾਉਣ ਵਿੱਚ ਕੋਈ ਘਪਲੇਬਾਜੀ ਹੋਈ ਹੈ। ਉਹਨਾਂ ਕਿਹਾ ਕਿ ਜਾਂਚ ਵਿੱਚ ਜੇ ਕੋਈ ਦੋਸ਼ੀ ਪਾਇਆ ਗਿਆ ਭਾਵੇਂ ਉਹ ਕਿਸੇ ਵੀ ਰੁਤਬੇ ਵਾਲਾ ਹੋਵੇਗਾ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਸਕੱਤਰ ਟਰਾਂਸਪੋਰਟ ਨੂੰ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਛੇਤੀ ਹੀ ਜਾਂਚ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸ.ਭੁੱਲਰ ਨੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਅਧੂਰੇ ਛੱਡੇ ਗਏ ਪ੍ਰਾਜੈਕਟਾਂ ਨੂੰ ਵੀ ਮੁਕੰਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਟੈਕਸਾਂ ਵਿੱਚੋਂ ਖਰਚੇ ਗਏ ਕਰੋੜਾਂ ਰੁਪਏ ਦੇ ਪ੍ਰਾਜੈਕਟ ਆਪਸੀ ਖਹਿਬਾਜੀ ਕਾਰਨ ਹੀ ਅਧੂਰੇ ਪਏ ਹੋਏ ਹਨ,ਜਿਹਨਾਂ ਵਿੱਚ ਮੁਹਾਲੀ ਦਾ ਅੰਤਰਰਾਜੀ ਬੱਸ ਅੱਡਾ ਵੀ ਸ਼ਾਮਿਲ ਹੈ । ਇਸ ਬੱਸ ਅੱਡੇ ਉੱਪਰ ਅਕਾਲੀ ਦਲ ਦੇ ਰਾਜ ਦੌਰਾਨ ਕਰੋੜਾਂ ਰੁਪਿਆ ਲਗਾ ਕੇ ਵੀ ਇਹ ਪ੍ਰਾਜੈਕਟ ਅਧੂਰਾ ਪਿਆ ਹੈ,ਕਿਉਂਕਿ ਕਾਂਗਰਸ ਸਰਕਾਰ ਆਉਣ ਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਹੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੇ ਹੋਰ ਵੀ ਪ੍ਰਾਜੈਕਟ ਹਨ ਜਿਹਨਾਂ ਨੂੰ ਮਾਨ ਸਰਕਾਰ ਛੇਤੀ ਹੀ ਮੁਕੰਮਲ ਕਰੇਗੀ।
ਉਹਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵਿੱਚ ਹੁਣ ਤੁਹਾਨੂੰ ਭ੍ਰਿਸ਼ਟਾਚਾਰ ਖਤਮ ਹੁੰਦਾ ਨਜ਼ਰ ਆਏਗਾ। ਉਹਨਾਂ ਕਿਹਾ ਕਿ ਬਗੈਰ ਪਰਮਿਟ ਤੋਂ ਕਿਸੇ ਵੀ ਆਪਰੇਟਰ ਦੀ ਬੱਸ ਸੜਕ ਤੇ ਨਹੀਂ ਚੱਲਣ ਦਿੱਤੀ ਜਾਵੇਗੀ। ਉਹ ਆਪਰੇਟਰ ਭਾਵੇਂ ਆਮ ਆਦਮੀ ਸਮੇਤ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਨਵਾਂ ਟਾਇਮ ਟੇਬਲ ਆਉਣ ਦੇ ਨਾਲ ਹੀ 2 ਨੰਬਰ ਵਿੱਚ ਚੱਲਣ ਵਾਲੀਆਂ ਬੱਸਾਂ ਦਾ ਵੀ ਖਾਤਮਾ ਹੋ ਜਾਵੇਗਾ। ਉਹਨਾਂ ਕਿਹਾ ਕਿ ਹੁਣ ਇਹ ਵੀ ਕਰ ਦਿੱਤਾ ਗਿਆ ਹੈ ਕਿ ਟੂਰਿਸਟ ਬੱਸਾਂ ਜੋ ਕਿ ਪੰਜਾਬ ਤੋਂ ਬਾਹਰ ਅਤੇ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਉਂਦੀਆਂ ਹਨ ਤੇ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਤਾਂ ਪਹਿਲਾਂ ਉਹਨਾਂ ਨੂੰ ਜ਼ੁਰਮਾਨਾ ਲੈ ਕੇ ਛੱਡ ਦਿੱਤਾ ਜਾਂਦਾ ਸੀ। ਹੁਣ ਨਵਾਂ ਟਾਇਮ ਟੇਬਲ ਤੇ ਹੋਰ ਸਾਰੀ ਵਿਭਾਗ ਦੀ ਕਾਰਵਾਈ ਆਨਲਾਈਨ ਕੀਤੀ ਜਾ ਰਹੀ ਹੈ ਜਿਸ ਅਧੀਨ ਕਾਨੂੰਨ ਤੋੜਨ ਵਾਲੀਆਂ ਬੱਸਾਂ ਦਾ 2 ਵਾਰੀ ਚਾਲਾਨ ਹੋਣ ਤੋਂ ਬਾਅਦ ਤੀਸਰੀ ਵਾਰ ਫੜੇ ਜਾਣ ਤੇ ਬੱਸਾਂ ਜ਼ਬਤ ਕਰ ਲਈਆਂ ਜਾਣਗੀਆਂ ਅਤੇ ਆਪਰੇਟਰ ਦੇ ਖਿਲਾਫ ਐਫਆਈਆਰ ਕਰਵਾਈ ਜਾ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁੱਝ ਰੂਟਾਂ ਤੇ ਸਰਕਾਰੀ ਬੱਸਾਂ ਨਾ ਚੱਲਣ ਦਾ ਕਾਰਨ ਸਟਾਫ ਦੀ ਕਮੀ ਹੈ ਜਿਸ ਲਈ ਛੇਤੀ ਹੀ ਨਵੀਂ ਭਰਤੀ ਕਰਕੇ ਉਹਨਾਂ ਸ਼ਿਕਾਇਤਾਂ ਦਾ ਵੀ ਛੇਤੀ ਨਿਪਟਾਰਾ ਕਰ ਦਿੱਤਾ ਜਾਵੇਗਾ।