ਮੋਹਾਲੀ ਨਗਰ ਨਿਗਮ ਦੀਆਂ ਸੜਕਾਂ ਦੀ ਮਕੈਨੀਕਲ ਸਵੀਪਿੰਗ ਮੁੜ ਸ਼ੁਰੂ ਹੋਵੇਗੀ
ਵਿਧਾਇਕ ਕੁਲਵੰਤ ਸਿੰਘ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨਾਲ ਮਿਲ ਕੇ ਨਵੀਆਂ ਮਸ਼ੀਨਾਂ ਦਾ ਪ੍ਰਬੰਧ ਕਰਵਾਇਆ
ਐਸ.ਏ.ਐਸ.ਨਗਰ, 8 ਨਵੰਬਰ (ਸਤੀਸ਼ ਕੁਮਾਰ ਪੱਪੀ):- ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੀਆਂ ਸੜਕਾਂ ਦੀ ਮਕੈਨੀਕਲ ਸਫ਼ਾਈ ਦਾ ਕੰਮ ਜਲਦੀ ਹੀ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਚਾਰ ਨਵੀਆਂ ਮਸ਼ੀਨਾਂ ਦੀ ਖਰੀਦ ਲਈ ਮੰਗੇ ਗਏ ਟੈਂਡਰ ਜਲਦ ਹੀ ਮੁਕੰਮਲ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਨਿਗਮ ਮੁਹਾਲੀ ਵੱਲੋਂ ਸ਼ਹਿਰ ਦੀਆਂ ਏ ਸ਼੍ਰੇਣੀ ਦੀਆਂ ਸੜਕਾਂ ਦੀ ਮਕੈਨੀਕਲ ਸਵੀਪਿੰਗ ਰਾਹੀਂ ਸਫਾਈ ਕੀਤੀ ਜਾਂਦੀ ਸੀ ਪਰ 15-02-2022 ਨੂੰ ਠੇਕਾ ਦੀ ਸਮਾਪਤ ਹੋਣ ਬਾਅਦ ਫ਼ਿਰ ਤੋਂ ਮੈਨੁਅਲ ਸਵੀਪਿੰਗ ਨਾਲ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਸੀ।
ਵਿਧਾਇਕ ਮੋਹਾਲੀ (ਐਸ.ਏ.ਐਸ. ਨਗਰ) ਨੇ ਅੱਗੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਮਸ਼ੀਨੀ ਢੰਗ ਨਾਲ ਸਫ਼ਾਈ ਦਾ ਕੰਮ ਮੁੜ ਸ਼ੁਰੂ ਕਰਨ ਦੀ ਪੁਰਜ਼ੋਰ ਲੋੜ ਮਹਿਸੂਸ ਕੀਤੀ ਗਈ। ਇਸ ਮੁੱਦੇ ਦੇ ਹੱਲ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਏ ਅਤੇ ਬੀ ਸ਼੍ਰੇਣੀ ਦੀਆਂ ਸੜਕਾਂ ਨੂੰ ਮਕੈਨੀਕਲ ਸਵੀਪਿੰਗ ਦੀਆਂ ਇੰਪੋਰਟਡ ਮਸ਼ੀਨਾਂ ਨਾਲ ਸਾਫ਼ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ। ਇਸ ਤਜ਼ਵੀਜ਼ ਵਿੱਚ ਮਸ਼ੀਨਾਂ ਦੀ ਸਪਲਾਈ ਦੇ ਨਾਲ ਕੰਪਨੀ ਦੁਆਰਾ 5 ਸਾਲ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡਾਂ ਦਾ ਪ੍ਰਬੰਧ ਕਰਨ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੀਆਂ ਏ ਅਤੇ ਬੀ ਸੜਕਾਂ ਦੀ ਸਫ਼ਾਈ ਮਕੈਨੀਕਲ ਸਵੀਪਿੰਗ ਰਾਹੀਂ ਕਰਵਾਈ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਮਸ਼ੀਨੀ ਸਵੀਪਿੰਗ ਨਾਲ ਸਫ਼ਾਈ ਬਹੁਤ ਹੀ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਸੀ ਅਤੇ ਲੋਕਾਂ ਵੱਲੋਂ ਸਫ਼ਾਈ ਸਬੰਧੀ ਕੋਈ ਸ਼ਿਕਾਇਤ ਨਹੀਂ ਸੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੀ ਮਕੈਨੀਕਲ ਸਵੀਪਿੰਗ ਲਈ ਚਾਰ ਇੰਪੋਰਟਡ ਮਸ਼ੀਨਾਂ ਦੀ ਖਰੀਦ ਲਈ ਨਗਰ ਨਿਗਮ ਨੂੰ ਵੱਖਰੇ ਤੌਰ ’ਤੇ ਫੰਡ ਉਪਲਬਧ ਕਰਵਾਏ ਜਾਣਗੇ।
ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਮਸ਼ੀਨਾਂ ਦੀ ਖਰੀਦ ਲਈ ਦੋ ਵਾਰ ਟੈਂਡਰ ਮੰਗੇ ਗਏ ਅਤੇ ਦੂਜੀ ਵਾਰ ਦੋ ਕੰਪਨੀਆਂ ਨੇ ਬੋਲੀ ਲਗਾਈ ਹੈ। ਵਿੱਤੀ ਬੋਲੀ ਵੀ ਖੋਲ੍ਹ ਦਿੱਤੀ ਗਈ ਹੈ, ਜਿੱਥੇ ਯੋਗ ਕੰਪਨੀ ਨੂੰ ਜਲਦੀ ਹੀ ਮਸ਼ੀਨਾਂ ਦੀ ਸਪਲਾਈ ਲਈ ਰਿਲੀਜ਼ ਆਰਡਰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਦੇ ਅਣਥੱਕ ਯਤਨਾਂ ਸਦਕਾ 10 ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਜਲਦੀ ਹੀ ਮੁੜ ਮਕੈਨੀਕਲ ਸਫ਼ਾਈ (ਸਵੀਪਿੰਗ) ਦਾ ਰਾਹ ਖੋਲ੍ਹ ਦੇਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਪੱਖੋਂ ਰਾਹਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਮਸ਼ੀਨਾਂ ਸ਼੍ਰੇਣੀ ਏ ਦੇ ਨਾਲ-ਨਾਲ ਸ਼੍ਰੇਣੀ ਬੀ ਦੀਆਂ ਸੜਕਾਂ ਨੂੰ ਵੀ ਸਾਫ਼ ਕਰਨਗੀਆਂ।























