ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ:
ਮੋਹਾਲੀ ਦੇ ਐਸ ਐਸ ਪੀ ਦਾ ਵੱਡਾ ਬਿਆਨ
ਅਫਵਾਹਾਂ ਤੇ ਵਿਸ਼ਵਾਸ਼ ਨਾ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ, 18 ਸਤੰਬਰ(ਵਿਸ਼ਵ ਵਾਰਤਾ)-ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੀਆਂ 60 ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਤੇ ਮੋਹਾਲੀ ਦੇ ਐੱਸਐੱਸਪੀ ਵਿਵੇਕ ਸੋਨੀ ਨੇ ਕਿਹਾ ਕਿ ਫੋਰੈਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਜੇ ਤੱਕ ਖੁਦਕੁਸ਼ੀ ਦੀ ਕੋਈ ਕੋਸ਼ਿਸ਼ ਦੀ ਖਬਰ ਨਹੀਂ ਹੈ। ਵਿਦਿਆਰਥੀਆਂ ਦਾ ਮੈਡੀਕਲ ਰਿਕਾਰਡ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦੇਣ।
ਕੀ ਹੈ ਪੂਰਾ ਮਾਮਲਾ:
ਮੀਡੀਆ ਰਿਪੋਰਟਾਂ ਅਨੁਸਾਰ ਜਿਹਨਾਂ ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਹੋਈ ਹੈ। ਉਹਨਾਂ ਵਿੱਚੋਂ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਵੀਡੀਓ ਇੱਕ ਸਾਥੀ ਵਿਦਿਆਰਥਣ ਨੇ ਬਣਾਈਆਂ ਸੀ ਅਤੇ ਉਸ ਨੇ ਸ਼ਿਮਲਾ ਵਿੱਚ ਇੱਕ ਦੋਸਤ ਨੂੰ ਭੇਜੀਆਂ ਸਨ। ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ‘ਚ ਭਾਰੀ ਹੰਗਾਮਾ ਹੋਇਆ, ਜੋ ਹੁਣ ਤੱਕ ਜਾਰੀ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜਿਨ੍ਹਾਂ ਵਿਦਿਆਰਥਣਾਂ ਦੇ ਵੀਡੀਓ ਵਾਇਰਲ ਹੋਏ ਸਨ , ਉਹ ਸਾਰੀਆਂ ਐਮ.ਬੀ.ਏ.ਕਰ ਰਹੀਆਂ ਹਨ। ਦੋਸ਼ੀ ਵਿਦਿਆਰਥੀ ਕਾਫੀ ਸਮੇਂ ਤੋਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜ ਰਹੀ ਸੀ। ਉਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦੇਖਿਆ ਅਤੇ ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਜਦੋਂ ਹੋਸਟਲ ਵਾਰਡਨ ਨੇ ਦੋਸ਼ੀ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਵੀਡੀਓ ਮੈਂ ਕਿਸੇ ਲੜਕੇ ਨੂੰ ਭੇਜੀਆਂ ਹਨ। ਲੜਕੀ ਨੇ ਕਿਹਾ ਕਿ ਉਹ ਲੜਕੇ ਨੂੰ ਨਹੀਂ ਜਾਣਦੀ। ਵਾਰਡਨ ਦੇ ਕਈ ਵਾਰ ਪੁੱਛਣ ‘ਤੇ ਵੀ ਲੜਕੀ ਨੇ ਇਹ ਨਹੀਂ ਦੱਸਿਆ ਕਿ ਉਸ ਦਾ ਲੜਕੇ ਨਾਲ ਕੀ ਸਬੰਧ ਹੈ ਅਤੇ ਉਹ ਕੌਣ ਹੈ। ਉਸ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਤੋਂ ਇਹ ਵੀਡੀਓ ਬਣਾ ਰਹੀ ਹੈ, ਵਿਦਿਆਰਥੀ ਨੇ ਉਸ ਦਾ ਜਵਾਬ ਵੀ ਨਹੀਂ ਦਿੱਤਾ। ਉਹ ਵਾਰ-ਵਾਰ ਕਹਿੰਦੀ ਰਹੀ ਕਿ ਗਲਤੀ ਹੋ ਗਈ ਹੈ ਅਤੇ ਮੈਂ ਦੁਬਾਰਾ ਨਹੀਂ ਕਰਾਂਗੀ।
ਯੂਨੀਵਰਸਿਟੀ ਦੇ ਵਿਦਿਆਰਥੀ ਦਾ ਇੱਕ ਵਾਇਸ ਮੈਸੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਮੈਸੇਜ ਵਿੱਚ ਇੱਕ ਕੁੜੀ ਕਹਿ ਰਹੀ ਹੈ- ਇੱਕ ਕੁੜੀ ਨੇ ਇੱਕ ਵੀਡੀਓ ਵਾਇਰਲ ਕੀਤਾ ਹੈ। ਪਹਿਲਾਂ ਤਾਂ ਉਹ ਕਹਿ ਰਹੇ ਸਨ ਕਿ ਅਜਿਹਾ 4 ਲੜਕੀਆਂ ਨਾਲ ਹੋਇਆ ਹੈ। ਹੁਣ ਪਤਾ ਲੱਗਾ ਹੈ ਕਿ 60 ਤੋਂ ਵੱਧ ਕੁੜੀਆਂ ਦੇ ਵੀਡੀਓ ਵਾਇਰਲ ਹੋਏ ਹਨ। ਡੀ ਬਲਾਕ, ਸੀ ਬਲਾਕ, ਬੀ ਬਲਾਕ ਵਿੱਚ ਸਾਰੇ ਬਲਾਕਾਂ ਦੀਆਂ ਲੜਕੀਆਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਹਨ। ਜਿਸ ਲੜਕੀ ਨੇ ਇਹ ਕੰਮ ਕੀਤਾ ਹੈ, ਉਸ ਨੂੰ ਬੰਦ ਰੱਖਿਆ ਹੋਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਵਿਦਿਆਰਥਣਾਂ ਹੋਸਟਲ ਖਾਲੀ ਕਰਕੇ ਬਾਹਰ ਆ ਗਈਆਂ। ਉਨ੍ਹਾਂ ‘ਸਾਨੂੰ ਇਨਸਾਫ਼ ਚਾਹੀਦਾ ਹੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੁੜੀਆਂ ਨੇ ਪੂਰੀ ਯੂਨੀਵਰਸਿਟੀ ਨੂੰ ਘੇਰ ਲਿਆ। ਇਸ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ। ਤੁਰੰਤ ਪੁਲਸ ਫੋਰਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਜਦੋਂ ਪੁਲੀਸ ਨੇ ਵਿਦਿਆਰਥਣਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ਦੀਆਂ ਪੀਸੀਆਰ ਟੀਮਾਂ ਦੀਆਂ ਗੱਡੀਆਂ ਨੂੰ ਉਲਟਾ ਦਿੱਤਾ। ਪੁਲਿਸ ਨੂੰ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ। ਜਿਸ ਤੋਂ ਬਾਅਦ ਉੱਥੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ।
ਯੂਨੀਵਰਸਿਟੀ ਵਿੱਚ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਇਕੱਠਾ ਕਰਨ ਦਾ ਮਕਸਦ ਕੀ ਸੀ? ਇਹ ਕੁੜੀ ਵੀ ਹਿਮਾਚਲ ਦੀ ਹੈ ਤੇ ਮੁੰਡਾ ਵੀ ਉਥੋਂ ਦਾ। ਤਾਂ ਇਨ੍ਹਾਂ ਦੋਹਾਂ ਨੇ ਅਜਿਹਾ ਕਿਉਂ ਕੀਤਾ? ਪੁਲਿਸ ਨੇ ਸ਼ਿਮਲਾ ਦੇ ਰਹਿਣ ਵਾਲੇ ਦੋਸ਼ੀ ਦੋਸਤ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਖੁਦ ਜਾ ਕੇ ਪਤਾ ਕਰਾਂਗੀ ਕਿ ਸਾਰਾ ਮਾਮਲਾ ਕੀ ਹੈ? ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਾਂਗੇ।