ਪੰਚਕੂਲਾ, 25 ਜੁਲਾਈ – ਬੀਤੇ ਦਿਨੀਂ ਪੰਚਕੂਲਾ ਦੇ ਮੋਰਨੀ ਵਿਖੇ ਵਿਆਹੁਤਾ ਨਾਲ 40 ਲੋਕਾਂ ਵੱਲੋਂ ਬਲਾਤਕਾਰ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਪੀੜਤਾ ਦਾ ਪਤੀ ਹੀ ਸੌਦਾਗਰ ਨਿਕਲਿਆ। ਪੁਲਿਸ ਪੁੱਛ-ਗਿੱਛ ਦੌਰਾਨ ਵਿਆਹੁਤਾ ਦੇ ਪਤੀ ਇਰਫਾਨ ਨੇ ਇਹ ਗੱਲ ਮੰਨੀ ਹੈ ਕਿ ਉਹ ਹੀ ਆਪਣੀ ਪਤਨੀ ਨੂੰ ਜਿਸਮਫਰੋਸ਼ੀ ਦੇ ਧੰਦੇ ਲਈ ਭੇਜਦਾ ਸੀ। ਉਸ ਨੇ ਮੰਨਿਆ ਕਿ ਇਸ ਨਾਲ ਉਹ ਮੋਟੀ ਕਮਾਈ ਕਰਦਾ ਸੀ।
ਇਸ ਦੌਰਾਨ ਪੁਲਿਸ ਨੇ ਇਰਫਾਨ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ ਜਿਥੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ 20 ਜੁਲਾਈ ਨੂੰ ਪੀੜਤ ਔਰਤ ਨੇ ਮਣੀਮਾਜਰਾ ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਗੈਸਟ ਹਾਊਸ ਵਿੱਚ ਕੰਮ ਕਰਨ ਗਈ ਸੀ, ਜਿੱਥੇ ਉਸਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਖਾਣੇ ਵਿਚ ਨਸ਼ਾ ਦੇ ਕੇ 4 ਦਿਨ ਤੱਕ ਬਲਾਤਕਾਰ ਕੀਤਾ। ਇਸ ਮਾਮਲੇ ਵਿਚ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ।