ਮੋਦੀ 3.0 – ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸੰਭਾਵੀ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਬੁਲਾਇਆ ਚਾਹ ‘ਤੇ
ਪੜ੍ਹੋ ਕਿਹੜੇ- ਕਿਹੜੇ ਸੰਸਦ ਮੈਂਬਰਾਂ ਨੂੰ ਮਿਲਿਆ ਚਾਹ ਦਾ ਸੱਦਾ
ਕਿਹੜੇ ਮੰਤਰਾਲੇ ਰਹਿਣਗੇ ਭਾਜਪਾ ਕੋਲ ਅਤੇ ਕਿਹੜੇ ਜਾਣਗੇ ਸਹਿਯੋਗੀਆਂ ਦੇ ਹਿੱਸੇ ‘ਚ
ਚੰਡੀਗੜ੍ਹ, 9 ਜੂਨ ( ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਬਣਨ ਵਾਲੀ ਤੀਜੀ ਐਨਡੀਏ ਦੀ ਸਰਕਾਰ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਸੱਤ ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਨਵੇਂ ਚੁਣੇ ਜਾਣ ਵਾਲੇ ਮੰਤਰੀਆਂ ਨੂੰ ਆਪਣੇ ਨਿਵਾਸ ਸਥਾਨ ਤੇ ਚਾਹ ਤੇ ਸੱਦਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਨਵੇਂ ਚੁਣੇ ਮੰਤਰੀਆਂ ਨੂੰ ਉਹਨਾਂ ਦੇ ਮੰਤਰਾਲਿਆਂ ਬਾਰੇ ਦੱਸ ਦਿੱਤਾ ਜਾਵੇਗਾ। ਹੋਰ ਜਾਣਕਾਰੀ ਅਨੁਸਾਰ ਹੁਣ ਤੱਕ ਭਾਜਪਾ ਆਗੂ ਪਿਊਸ਼ ਗੋਇਲ, ਰਾਜਨਾਥ ਸਿੰਘ, ਨਿਤਿਨ ਗਡਕਰੀ, ਜੋਤੀਰਾਦਿੱਤਿਆ ਸਿੰਧੀਆ, ਸ਼ਿਵਰਾਜ ਸਿੰਘ ਚੌਹਾਨ, ਜੇਡੀਐਸ ਆਗੂ ਕੁਮਾਰਸਵਾਮੀ, ਐਚਏਐਮ ਆਗੂ ਜੀਤਨ ਰਾਮ ਮਾਂਝੀ, ਆਰਐਲਡੀ ਆਗੂ ਜਯੰਤ ਚੌਧਰੀ, ਲੋਜਪਾ (ਆਰ) ਆਗੂ ਚਿਰਾਗ ਪਾਸਵਾਨ, ਜੇ.ਡੀ.ਯੂ. ਨੇਤਾ ਰਾਮਨਾਥ ਠਾਕੁਰ, ਅਰਜੁਨ ਰਾਮ ਮੇਘਵਾਲ, ਟੀਡੀਪੀ ਦੇ ਸੰਸਦ ਮੈਂਬਰ ਡਾਕਟਰ ਚੰਦਰਸ਼ੇਖਰ ਪੇਮਾਸਾਨੀ ਅਤੇ ਕਿੰਜਰਾਪੂ ਰਾਮ ਮੋਹਨ ਨਾਇਡੂ, ਜੇਡੀਯੂ ਦੇ ਰਾਜ ਸਭਾ ਮੈਂਬਰ ਰਾਮ ਨਾਥ ਠਾਕੁਰ ਅਤੇ ਅਪਨਾ ਦਲ ਦੀ ਨੇਤਾ ਅਨੁਪ੍ਰਿਆ ਪਟੇਲ ਨੂੰ ਬੁਲਾਇਆ ਗਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਕਿਤੇ ਨਾ ਕਿਤੇ ਸਾਰੇ ਸੰਸਦ ਮੈਂਬਰਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿਸ ਮੰਤਰਾਲਾ ਦੀ ਕਮਾਨ ਸੌਂਪੀ ਜਾਵੇਗੀ। ਇਸ ਵਾਰ ਨਰਿੰਦਰ ਮੋਦੀ ਦੀ ਤੀਜੀ ਕੈਬਨਿਟ ਵਿੱਚ ਸਹਿਯੋਗੀ ਪਾਰਟੀਆਂ ਦੀ ਭੂਮਿਕਾ ਵੀ ਅਹਿਮ ਹੋਣ ਵਾਲੀ ਹੈ। ਟੀਡੀਪੀ ਅਤੇ ਜੇਡੀਯੂ ਦੋ ਪਾਰਟੀਆਂ ਹਨ ਜੋ ਮੁੱਖ ਮੰਤਰਾਲਿਆਂ ਲਈ ਦਾਅਵਾ ਪੇਸ਼ ਕਰ ਰਹੀਆਂ ਹਨ। ਸਪੀਕਰ ਦੇ ਅਹੁਦੇ ਦੀ ਸਭ ਤੋਂ ਵੱਧ ਮੰਗ ਹੈ। ਹਾਲਾਂਕਿ ਜਲਦੀ ਹੀ ਮੰਤਰੀਆਂ ਬਾਰੇ ਤਸਵੀਰ ਸਪੱਸ਼ਟ ਹੋ ਜਾਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਵਰਗੇ ਅਹਿਮ ਵਿਭਾਗ ਭਾਜਪਾ ਕੋਲ ਰਹਿਣ ਵਾਲੇ ਹਨ। ਇਸੇ ਤਰ੍ਹਾਂ ਸਿੱਖਿਆ ਅਤੇ ਸੱਭਿਆਚਾਰ ਵਰਗੇ ਮਜ਼ਬੂਤ ਵਿਚਾਰਧਾਰਕ ਪਹਿਲੂਆਂ ਵਾਲੇ ਦੋ ਮੰਤਰਾਲਿਆਂ ਦੀ ਕਮਾਨ ਵੀ ਭਾਜਪਾ ਦੇ ਸੰਸਦ ਮੈਂਬਰਾਂ ਕੋਲ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਹਿਯੋਗੀ ਪਾਰਟੀਆਂ ਨੂੰ ਪੰਜ ਤੋਂ ਅੱਠ ਕੈਬਨਿਟ ਅਹੁਦੇ ਮਿਲ ਸਕਦੇ ਹਨ। ਸ਼ਿਵਰਾਜ ਸਿੰਘ ਚੌਹਾਨ, ਬਸਵਰਾਜ ਬੋਮਈ, ਮਨੋਹਰ ਲਾਲ ਖੱਟਰ ਵਰਗੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਵੀ ਨਵੀਂ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਉਹਨਾਂ ਨੂੰ ਅਜੇ ਤੱਕ ਕੋਈ ਫੋਨ ਆਉਣ ਦੀ ਖਬਰ ਨਹੀਂ ਮਿਲੀ ਹੈ।