ਹਰਿਆਣਾ ਚ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਰਵੀਇੰਦਰ ਸਿੰਘ ਵੱਲੋਂ ਨਿਖੇਧੀ
ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਦੇਵੇ ਰਾਹਤ : ਰਵੀਇੰਦਰ ਸਿੰਘ
I
ਚੰਡੀਗੜ 28 ਅਗਸਤ (ਵਿਸ਼ਵ ਵਾਰਤਾ) ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਹਰਿਆਣਾ ਟੋਲ ਪਲਾਜਾ ਤੇ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੀ ਮਿਹਨਕਸ਼ ਜਮਾਤ ਨਾਲ ਅਜਿਹਾ ਵਿਵਹਾਰ ਕਰਨਾ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿਰੁੱਧ ਹੈ । ਸਾਬਕਾ ਸਪੀਕਰ ਨੇ ਮੋਦੀ ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਦੋਵੇ ਹਕੂਮਤਾਂ ਭਾਜਪਾ ਦੀਆਂ ਹਨ,ਜਿਸ ਦੀ ਸੋਚ ਕਿਸਾਨ ਵਿਰੋਧੀ ਹੈ । ਉਨਾ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਇਸ ਕਿਸਾਨ ਨੇ ਮੁਲਕ ਨੂੰ ਆਤਮ ਨਿਰਭਰ ਅਨਾਜ ਤੇ ਕੀਤਾ ਹੈ ਜੋ ਪਹਿਲਾਂ ਵਿਦੇਸ਼ਾਂ ਤੋ ਅਨਾਜ ਮੰਗਵਾਂਉਦਾ ਸੀ ਪਰ ਉਸ ਦੇ ਅੰਦੋਲਨ ਨੂੰ ਜਮੂਹਰੀਅਤ ਪੱਧਰ ਤੇ ਵਾਚਣ ਤੇ ਮਾਣ-ਸਤਿਕਾਰ ਦੇਣ ਦੀ ਥਾਂ ਪਿਛਲੇ 9 ਮਹੀਨਿਆਂ ਤੋ ਉਹ ਘਰੋ ਬੇਘਰ ਹੋ ਕੇ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਹੈ ਕਿ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ,ਜੋ ਉਸ ਨੂੰ ਬੇਰੁਜਗਾਰੀ ਵੱਲ ਧੱਕ ਰਹੇ ਹਨ । ਅਕਾਲੀ ਨੇਤਾ ਨੇ ਦੋਸ਼ ਲਾਇਆ ਕਿ ਇਨਾ ਖੇਤੀ ਕਾਨੂੰਨਾਂ ਪਿੱਛੇ ਸਾਮਰਾਜੀ ਸੰਸਾਰੀਕਰਨ ਅਤੇ ਖੁੱਲੀ ਮੰਡੀ ਦਾ ਸਿਧਾਂਤ ਸੰਕੇਤ ਕਰਦਾ ਹੈ ਕਿ ਹੁਕਮਰਾਨ ਸਰਕਾਰੀ ਖਰੀਦ ਤੋ ਨੱਠ ਰਹੇ ਹਨ । ਰਵੀਇੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਸੁਚੇਤ ਕੀਤਾ ਕਿ ਦੇਸ਼ ਦਾ ਕਿਸਾਨ ਸਮੁੱਚੇ ਭਾਰਤ ਚੋ ਸਫਾਇਆ ਕਰੇਗਾ । ਉਨਾ ਬੜੇ ਅਫਸ਼ੋਸ ਨਾਲ ਕਿਹਾ ਕਿ ਕਿਸਾਨੀ ਰਾਹਤ ਦੇਣ ਵਾਲੇ ਕਾਨੂੰਨ ਬਣਾਉਣੇ ਚਾਹੀਦੇ ਸਨ ਤਾਂ ਜੋ ਖੇਤੀਬਾੜੀ ਪ੍ਰਫੁਲਿਤ ਹੁੰਦੀ ,ਜਿਸ ਤੇ ਮੁਲਕ ਦੀ ਨਿਰਭਰਤਾ 70% ਤੋ ਵੱਧ ਹੈ । ਖੇਤੀ ਸੈਕਟਰ ਪਹਿਲਾਂ ਹੀ ਡੂੰਘੇ ਸੰਕਟ ਚੋ ਲੰਘ ਰਿਹਾ ਹੈ । ਭਾਰਤੀ ਲੋਕਾਂ ਦੀ ਸਭ ਤੋ ਜਿਆਦਾ ਨਿਰਭਰਤਾ ਖੇਤੀਬਾੜੀ ਤੇ ਹੈ ।






















