ਭਾਜਪਾ ਨੂੰ ਕੇਂਦਰੀ ਸੱਤਾ ਤੋਂ ਹਰਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ
ਮਾਨਸਾ, 4 ਜੂਨ (ਵਿਸ਼ਵ ਵਾਰਤਾ)- ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਦੇਸ਼ ਦੇ ਲੋਕਾਂ ਦਾ ਖਹਿੜਾ ਛੁਡਾਉਣ ਲਈ ਕਾਂਗਰਸ ਪਾਰਟੀ ਨਾਲ ‘ਆਪ* ਨੂੰ ਸਮਝੌਤਾ ਕਰਨਾ ਪੈਂਦਾ ਹੈ ਤਾਂ ਉਹ ਕਿਸੇ ਗੱਲੋਂ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਲੋਕਾਂ ਲਈ ਇਮਾਨਦਾਰੀ ਨਾਲ ਮੋਦੀ ਨੂੰ ਹਰਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਬਣਨ ਲੱਗੀ ਹੈ। ਉਹ ਇਥੇ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਦਫ਼ਤਰ ਵਿਖੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਖਹਿਰਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਵੇਂ ਪਾਰਟੀ ਦੇ ਸੀਨੀਅਰ ਆਗੂ ਐਚ.ਐਸ ਫੂਲਕਾ ਨੇ ਕਾਂਗਰਸ ਨਾਲ ਸਮਝੌਤੇ ਦਾ ਸਿੱਧੇ ਤੌਰ *ਤੇ ਇਤਰਾਜ ਕੀਤਾ ਹੈ, ਪਰ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਪਾਰਟੀ ਨਾਲ ਕਈ ਮਾਮਲਿਆਂ ਦੀ ਲੜਾਈ ਇਮਾਨਦਾਰੀ ਨਾਲ ਲੜਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਰ.ਐਸ.ਐਸ ਅਤੇ ਨਰਿੰਦਰ ਮੋਦੀ ਨੇ ਪਿਛਲੇ 4 ਸਾਲਾਂ ਵਿਚ ਜਿਸ ਕਿਸਮ ਦੀਆਂ ਗਲਤ ਹਰਕਤਾਂ ਅਤੇ ਚਾਲਾਂ ਚੱਲੀਆਂ ਹਨ, ਇਸ ਨੇ ਦੇਸ਼ ਦੇ ਆਮ ਨਾਗਰਿਕ ਦੀ ਜਿੰਦਗੀ ਨੂੰ ਦੁੱਭਰ ਕੀਤਾ ਹੈ, ਜਿਸ ਕਾਰਨ ਹਰ ਧਿਰ ਵੱਲੋਂ ਇਹ ਮੰਗ ਉਠਣ ਲੱਗੀ ਹੈ ਕਿ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਕੇਂਦਰ ਦੀ ਸੱਤਾ ਤੋਂ ਸਭ ਤੋਂ ਪਹਿਲਾਂ ਪਾਸੇ ਕਰਨਾ ਜਰੂਰੀ ਹੋ ਗਿਆ ਹੈ।
ਉਨ੍ਹਾਂ ਇਹ ਵੀ ਮੰਨਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਪਾਸੋਂ ਉਸ ਨਾਲ ਜੁੜੀਆਂ ਭਾਈਵਾਲ ਪਾਰਟੀਆਂ ਵੀ ਅੰਦਰਖਾਤੇ ਔਖੀਆਂ ਹੋਈਆਂ ਪਈਆਂ ਹਨ ਅਤੇ ਉਹ ਅਜੇ ਪੰਜ—ਚਾਰ ਮਹੀਨੇ ਕੇਂਦਰੀ ਸੱਤਾ ਦਾ ਆਨੰਦ ਮਾਨਣ ਤੋਂ ਬਾਅਦ ਮੋਦੀ ਹੋਰਿਆਂ ਨੂੰ ਟਾਟਾ ਕਰ ਜਾਣਗੇ।
ਸ੍ਰੀ ਖਹਿਰਾ ਨੇ ਕਿਹਾ ਕਿ ਦੇਸ਼ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਮਹਿੰਗਾਈ ਨੂੰ ਸਭ ਤੋਂ ਉਪਰ ਪਹੁੰਚਾ ਦਿੱਤਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਜਿਉਣਾ ਦੁੱਭਰ ਹੋ ਗਿਆ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਬਿਲਕੁਲ ਇੱਕ—ਮਿੱਕ ਹੈ ਅਤੇ ਇਸ ਵਿਚ ਅੰਦਰੂਨੀ ਅਤੇ ਬਾਹਰੀ ਤੌਰ *ਤੇ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਨਤੀਜੇ ਨਾਲ, ਜੋ ਲੋਕ ਪਾਰਟੀ ਦੇ ਗ੍ਰਾਫ ਨੂੰ ਹੇਠਾ ਗਿਆ ਦੱਸ ਰਹੇ ਹਨ, ਇਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਗਿਆਂ ਦੀ ਗਲਤ ਫਹਿਮੀ ਹੈ, ਸਗੋਂ ਅਸਲੀਅਤ ਇਹ ਹੈ ਕਿ ਰਾਜ ਵਿਚ ਸੱਤਾ ਹਾਸਲ ਕਰਕੇ ਕਾਂਗਰਸ ਪਾਰਟੀ ਦਾ ਅਤੇ ਸੱਤਾ ਤੋਂ ਲਾਂਭੇ ਹੋਕੇ ਅਕਾਲੀ ਦਲ ਦਾ ਸੱਤਿਆਨਾਸ ਹੀ ਹੋਇਆ ਹੈ, ਸਗੋਂ ਇਨ੍ਹਾਂ ਵੱਲੋਂ ਕੋਈ ਵੀ ਪ੍ਰਾਪਤ ਨਹੀਂ ਹੋ ਸਕੀ ਹੈ।
ਉਨ੍ਹਾਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਜਾਏ ਅੱਜ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਪਾਰਟੀ ਵੱਲੋਂ ਇਹ ਮਸਲਾ ਕੇਵਲ ਲੋਕ ਹਿੱਤਾਂ ਲਈ ਚੁੱਕਿਆ ਗਿਆ ਹੈ, ਜਿਸ ਲਈ ਹਰ ਪੰਜਾਬੀ ਦਾ ਆਵਾਜ ਉਠਾਉਣਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੇ ਲਗਾਤਾਰ ਮਾੜੇ ਹੋ ਰਹੇ ਪਾਣੀ ਲਈ ਆਵਾਜ ਉਠਾਉਣੀ ਸਮੇਂ ਦੀ ਸਭ ਤੋਂ ਵੱਡੀ ਮੰਗ ਬਣ ਗਈ ਹੈ, ਕਿਉਂਕਿ ਇਸ ਨੇ ਇਲਾਕੇ ਨੂੰ ਕੈਂਸਰ, ਕਾਲੇ ਪੀਲੀਏ ਵਰਗੇ ਭਿਆਨਕ ਰੋਗਾਂ ਦੀ ਲਪੇਟ ਵਿਚ ਲਿਆ ਹੋਇਆ ਹੈ।
ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਇਸ਼ਵਰ ਸਿੰਘ ਬੱਪੀਆਣਾ, ਦਰਸ਼ਨ ਜੋਗਾ ਅਤੇ ਕਈ ਹੋਰ ਮੌਜੂਦ ਸਨ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਸੁਖਪਾਲ ਸਿੰਘ ਖਹਿਰਾ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਰਾਸ਼ਟਰਪਤੀ ਮੁਰਮ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਚੰਡੀਗੜ੍ਹ / ਮੋਹਾਲੀ 3 ਮਈ (ਸਤੀਸ਼ ਕੁਮਾਰ ਪੁੱਪੀ): ਰਾਸ਼ਟਰਪਤੀ ਦ੍ਰੋਪਦੀ ਮੁਰਮ 3ਦਿਨ ਦੇ ਹਿਮਾਚਲ ਦੌਰੇ ਤੇ ਹਨ। ਜਿੱਥੇ ਜਾਣ ਤੋਂ...