ਮੋਦੀ ਦੀ ਪੰਜਾਬ ਫੇਰੀ ਨੇ ਬਦਲੀ ਸਿਆਸੀ ਹਵਾ, ਲੋਕਾਂ ਦਾ BJP ਚ ਵਧਿਆ ਭਰੋਸਾ
ਚੰਡੀਗੜ੍ਹ, 31ਮਈ(ਵਿਸ਼ਵ ਵਾਰਤਾ)- ਹੁਸ਼ਿਆਰਪੁਰ ਵਿਖੇ ਲੋਕ ਸਭਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ‘ਚ ਪੀਐਮ ਮੋਦੀ ਵਲੋਂ ਕੀਤੀ ਚੁਣਾਵੀ ਰੈਲੀ ਨੇ ਪੰਜਾਬ ‘ਚ ਬੀਜੇਪੀ ਦੀ ਆਧਾਰਸ਼ਿਲਾ ਨੂੰ ਮਜ਼ਬੂਤੀ ਪ੍ਰਧਾਨ ਕੀਤੀ ਹੈ। ਪੀਐਮ ਮੋਦੀ ਨੇ ਜਿਸ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਤੋਂ ਬੀਜੇਪੀ ਦਾ ਸਾਥ ਦੇਣ ਦੀ ਮੰਗ ਕੀਤੀ ਹੈ ਉਸ ਨਾਲ ਲੋਕਾਂ ਦੇ ਮਨਾਂ ‘ਚ ਸਾਫ ਤੌਰ ‘ਤੇ ਇਹ ਸੰਕੇਤ ਗਿਆ ਹੈ ਕਿ ਪੰਜਾਬ ‘ਚ ਸ਼ਾਂਤੀ ਤਰੱਕੀ ਅਤੇ ਦ੍ਰਿੜਤਾ ਨਾਲ ਅੱਗੇ ਵਧਣ ਦਾ ਹੌਸਲਾ ਪੀਐਮ ਮੋਦੀ ਕੋਲ ਹੈ। ਆਪਣੇ ਭਾਸ਼ਣ ਦੌਰਾਨ ਮੋਦੀ ਨੇ ਸਪਸ਼ਟ ਕੀਤਾ ਕਿ ਬੀਜੇਪੀ ਨੇ ਆਪਣੀ ਸਰਕਾਰ ਦੌਰਾਨ ਜਿਥੇ ਬਾਹਰੀ ਦੁਸ਼ਮਣਾਂ ਨੂੰ ਸਬਕ ਸਿਖਾਇਆ ਹੈ ਉਥੇ ਹੀ ਉਹਨਾਂ ਅਗਲੇ 25 ਸਾਲ ਦਾ ਵਿਜ਼ਨ ਵੀ ਤਿਆਰ ਕਰ ਲਿਆ ਹੈ। ਅਯੁਧਿਆ ਵਿਖੇ ਬਣਾਏ ਸ੍ਰੀ ਰਾਮ ਮੰਦਿਰ ਦਾ ਜ਼ਿਕਰ ਕਰਦਿਆਂ ਉਹਨਾਂ ਇਸਨੂੰ ਬੀਜੇਪੀ ਦੀ ਉਪਲੱਬਦੀ ਦੱਸਿਆ। ਉਹਨਾਂ ਦੱਸਿਆ ਕਿ ਉਥੇ ਬਣਾਏ ਗਏ ਹਵਾਈ ਅੱਡੇ ਦਾ ਨਾਮ ਭਗਵਾਨ ਸ੍ਰੀ ਵਾਲਮੀਕ ਜੀ ਦੇ ਨਾਮ ਤੋਂ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਇਹ ਦਿਲੀ ਇੱਛਾ ਹੈ ਕਿ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਰੱਖਿਆ ਜਾਵੇ। ਮੋਦੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ‘ਤੇ ਚੱਲ ਰਹੀ ਹੈ। ਐਸਸੀ ਅਤੇ ਓਬੀਸੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਵੀ ਉਹਨਾਂ ਦੀ ਸਰਕਾਰ ਹਮੇਸ਼ਾ ਡਟੀ ਰਹੀ ਹੈ। ਪੀਐਮ ਦੀਆਂ ਇਨ੍ਹਾਂ ਵਿਸ਼ਵਾਸ ਭਰਪੂਰ ਗੱਲਾਂ ਨੇ ਜਿੱਥੇ ਸ਼ਹਿਰੀ ਵਰਗ ਅੰਦਰ ਇਹ ਭਾਵਨਾ ਪੈਦਾ ਕੀਤੀ ਹੈ ਕਿ ਸੂਬੇ ‘ਚ ਤਰੱਕੀ, ਰੁਜ਼ਗਾਰ ਅਤੇ ਕਾਰੋਬਾਰ ਜੇਕਰ ਕੋਈ ਲੈ ਕੇ ਆ ਸਕਦਾ ਹੈ ਤਾ ਉਹ ਬੀਜੇਪੀ ਦੀ ਸਰਕਾਰ ਹੀ ਹੈ ਉਥੇ ਹੀ ਸੂਬੇ ਦੇ ਪਛੜੇ ਵਰਗ ਅਤੇ ਐਸਸੀ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਅਤੇ ਉਹਨਾਂ ਨੂੰ ਬਣਦੀ ਨੁਮਾਇੰਦਗੀ ਦੇਣ ਦਾ ਵਿਸ਼ਵਾਸ ਵੀ ਮੋਦੀ ਨੇ ਪੈਦਾ ਕੀਤਾ ਹੈ। ਮੋਦੀ ਦੀ ਇਸ ਫੇਰੀ ਨੇ ਨਿਸਚਿਤ ਰੂਪ ‘ਚ ਹੁਸ਼ਿਆਰਪੁਰ ‘ਚ ਪਾਰਟੀ ਦਾ ਗ੍ਰਾਫ ਉੱਪਰ ਚੁੱਕਿਆ ਹੈ। ਮੋਦੀ ਲੋਕਾਂ ਨੂੰ ਇਹ ਸਮਝਾਉਣ ‘ਚ ਕਾਮਯਾਬ ਰਹੇ ਨੇ ਕਿ ਸੂਬੇ ਅਤੇ ਦੇਸ਼ ਨੂੰ ਮਜ਼ਬੂਤ ਇੱਛਾਸ਼ਕਤੀ ਅਤੇ ਵੱਡੇ ਇਰਾਦਿਆਂ ਨਾਲ ਹੀ ਅੱਗੇ ਵਧਾਇਆ ਜਾ ਸਕਦਾ ਹੈ।























