ਮੋਟੇ ਅਨਾਜ ਸਬੰਧੀ ਜਾਗਰੂਕਤਾ ਮੇਲਾ 15 ਨੂੰ ਮੋਹਾਲੀ ਵਿਖੇ
ਸਿਵਲ ਸਰਜਨ ਵਲੋਂ ਲੋਕਾਂ ਨੂੰ ‘ਮਿਲੇਟਸ ਮੇਲੇ’ ’ਚ ਸ਼ਿਰਕਤ ਕਰਨ ਦੀ ਅਪੀਲ
ਮੋਹਾਲੀ, 12 ਜਨਵਰੀ(ਵਿਸ਼ਵ ਵਾਰਤਾ)- : ਮੋਟੇ ਅਨਾਜ ਨੂੰ ਮਕਬੂਲ ਬਣਾਉਣ ਦੇ ਮੰਤਵ ਨਾਲ ਮੋਹਾਲੀ ਵਿਖੇ 15 ਜਨਵਰੀ ਨੂੰ ‘ਮਿਲੇਟਸ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਵਲੋਂ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ, ਫ਼ੇਜ਼ 6 ਵਿਖੇ ਆਉਣ ਵਾਲੀ 15 ਜਨਵਰੀ ਨੂੰ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਮੇਲੇ ਦਾ ਉਦੇਸ਼ ਮੋਟੇ ਅਨਾਜ ਦੇ ਫ਼ਾਇਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਕਿ ਇਸ ਦੀ ਵਰਤੋਂ ਨਾਲ ਸਾਡੀ ਸਿਹਤ ਚੰਗੀ ਅਤੇ ਨਰੋਈ ਹੋ ਸਕੇ। ਉਨ੍ਹਾਂ ਕਿਹਾ, ‘ਪੋਸ਼ਕ ਤੱਤਾਂ ਨਾਲ ਭਰਪੂਰ ਮੋਟਾ ਅਨਾਜ ਅੱਜ ਸਾਡੀ ਥਾਲੀਂ ’ਚੋਂ ਗ਼ਾਇਬ ਹੋ ਗਿਆ ਹੈ ਜਦਕਿ ਇਹ ਸਿਹਤ ਲਈ ਅਤਿਅੰਤ ਪੌਸ਼ਟਿਕ ਖ਼ੁਰਾਕ ਹੈ।’
ਉਨ੍ਹਾਂ ਦਸਿਆ ਕਿ ਮੇਲੇ ਵਿਚ ਵੱਖ-ਵੱਖ ਸਟਾਲ ਲਗਾਏ ਜਾਣਗੇ ਜਿਥੇ ਮੋਟੇ ਅਨਾਜ ਤੋਂ ਬਣੇ ਖ਼ੁਰਾਕੀ ਪਦਾਰਥਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਫ਼ੂਡ ਸਟਾਲ, ਨੁਮਾਇਸ਼, ਮਾਹਰਾਂ ਦੀ ਵਿਚਾਰ-ਚਰਚਾ ਆਦਿ ਮੇਲੇ ਦਾ ਮੁੱਖ ਆਕਰਸ਼ਣ ਹੋਣਗੇ। ਮੇਲੇ ਵਿਚ ਕਈ ਉਘੀਆਂ ਸ਼ਖ਼ਸੀਅਤਾਂ ਵੀ ਪਹੁੰਚ ਰਹੀਆਂ ਹਨ। ਸਿਹਤ ਅਧਿਕਾਰੀਆਂ ਮੁਤਾਬਕ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਨੇ ਸਾਲ 2023 ਨੂੰ ‘ਇੰਟਰਨੈਸ਼ਨਲ ਈਅਰ ਆਫ਼ ਮਿਲੇਟਸ’ ਐਲਾਨਿਆ ਹੈ ਜਿਸ ਤਹਿਤ ਭਾਰਤ ਸਰਕਾਰ ਦੀਆਂ ਹਦਾਇਤਾਂ ’ਤੇ ਸੂਬਿਆਂ ਵਿਚ ਇਹ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੇ ਫ਼ਾਇਦਿਆਂ ਨੂੰ ਵੇਖਦਿਆਂ ਬਾਜਰੇ ਤੇ ਮੱਕੀ ਦਾ ਪੁਰਾਣਾ ਦੌਰ ਵਾਪਸ ਆ ਰਿਹਾ ਹੈ। ਮੋਟੇ ਅਨਾਜ ਵਿਚ ਪ੍ਰੋਟੀਨ, ਫ਼ਾਇਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫ਼ਾਸਫ਼ੋਰਸ, ਜ਼ਿੰਕ ਜਿਹੇ ਕਈ ਪੋਸ਼ਕ ਤੱਤ ਹੁੰਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਵਲ ਲੋਕ ਹੌਲੀ-ਹੌਲੀ ਮੁੜ ਰਹੇ ਹਨ ਅਤੇ ਅਪਣੀ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕਰ ਰਹੇ ਹਨ। ਸਿਵਲ ਸਰਜਨ ਨੇ ਆਮ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਕਿ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ। ਮੇਲੇ ਵਿਚ ਲੋਕਾਂ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੈ।
ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਜਾਣਕਾਰੀ ਦਿੰਦੇ ਹੋਏ।