ਬੇਦਖ਼ਲ ਲੜਕੇ ਨੂੰ ਘਰ ਰੱਖ਼ਣ ਦੀ ਕੀਮਤ ਜਾਨ ਚੁਕਾ ਕੇ ਦੇਣੀ ਪਈ, ਮਾਮਲਾ ਦਰਜ਼
ਹੁਸ਼ਿਆਰਪੁਰ 20 ਜੁਲਾਈ (ਵਿਸ਼ਵ ਵਾਰਤਾ)- ਸਬ ਡਵੀਜ਼ਨ ਗੜ੍ਹਸ਼ੰਕਰ ਅਧੀਨ -ਥਾਣਾ ਮਾਹਿਲਪੁਰ ਅਧੀਨ ਦੇ ਪਿੰਡ ਪੋਸੀ ਵਿਚ ਦੋ ਸਕੇ ਭਰਾਵਾਂ ਨੂੰ ਪਿੰਡ ਦੇ ਹੀ ਇੱਕ ਬੇਦਖ਼ਲ ਨੌਜਵਾਨ ਨੂੰ ਘਰ ਵਿਚ ਰੱਖ਼ਣ ਦੀ ਕੀਮਤ ਆਪਣੀ ਜਾਨ ਚੁਕਾ ਕੇ ਦੇਣੀ ਪਈ ਜਦੋਂ ਬੇਦਖ਼ਲ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਬੀਤੀ ਸ਼ਾਮ ਦੁਕਾਨ ‘ਤੇ ਜਾ ਕੇ ਸਕੇ ਭਰਾਵਾਂ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਦੋਹਾਂ ਜ਼ਖ਼ਮੀਆਂ ਨੂੰ ਤੁੰਰਤ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ ਜਿੱਥੇ ਇੱਕ ਦੀ ਹਾਲਤ ਨੂੰ ਨਾਜ਼ੁਕ ਦੇਖ਼ਦੇ ਹੋਏ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਮਾਂ ਰਾਣੀ ਪਤਨੀ ਰਾਮ ਲੁਭਾਇਆ ਵਾਸੀ ਪੋਸੀ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਦੋ ਲੜਕਿਆਂ ਦੀਪਕ ਕੁਮਾਰ ਅਤੇ ਸ਼ਿਵ ਸ਼ਾਂਤ ਨੇ ਇੱਕ ਮਹੀਨਾ ਪਹਿਲਾਂ ਹੀ ਪਿੰਡ ਦੇ ਬਾਹਰਵਾਰ ਵੈਲਡਿੰਗ ਦੀ ਦੁਕਾਨ ਪਾਈ ਸੀ ਅਤੇ ਉਸ ਦੀ ਭੈਣ ਸੁਨੀਤਾ ਦਾ ਘਰ ਵੀ ਉਨ੍ਹਾਂ ਦੇ ਪੁੱਤਰਾਂ ਦੀ ਦੁਕਾਨ ਦੇ ਨਜ਼ਦੀਕ ਹੈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਭੈਣ ਦੇ ਘਰ ਜਾ ਰਹੀ ਸੀ ਤਾਂ ਉਸ ਦੇ ਪੁੱਤਰਾਂ ਦੀ ਦੁਕਾਨ ਕੋਲ ਭੀੜ ਇੱਕਠੀ ਸੀ ਜਿੱਥੋਂ ਪਤਾ ਲੱਗਾ ਕਿ ਅੱਧਾ ਦਰਜ਼ਨ ਮੋਟਰਸਾਈਕਲਾਂ ‘ਤੇ ਸਵਾਰ ਹਥਿਆਬੰਦ ਨੌਜਵਾਨਾਂ ਨੇ ਉਨ੍ਹਾਂ ਦੇ ਲੜਕਿਆਂ ਦੀ ਦੁਕਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਹੈ ਅਤੇ ਉਸ ਦੇ ਦੋਨੋ ਪੁੱਤਰ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਲਾਡੀ ਪੁੱਤਰ ਗੁਰਮੇਲ ਸਿੰਘ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖ਼ਲ ਕੀਤਾ ਹੋਇਆ ਹੈ ਅਤੇ ਲਾਡੀ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਲਾਡੀ ਦੇ ਪਰਿਵਾਰਕ ਮੈਂਬਰ ਅਤੇ ਲਾਡੀ ਦੀ ਭੈਣ ਕਮਲਜੀਤ ਕੌਰ ਪਤਨੀ ਚਰਨਦਾਸ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਸਬਕ ਸਿਖ਼ਾਉਣ ਦੀਆਂ ਧਮਕੀਆਂ ਦੇ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਸੋਨੀ ਵਾਸੀ ਰਾਜਪੁਰ ਭਾਈਆਂ ਜਿਸ ਦਾ ਕਮਲਜੀਤ ਦੇ ਘਰ ਆਉਣਾ ਜਾਣਾ ਹੈ ਨੇ ਹਮਸਲਾਹ ਹੋ ਕੇ ਆਪਣੇ ਨਾਲ ਅਣਪਛਾਤੇ ਵਿਅਕਤੀ ਲੈ ਕੇ ਉਨ੍ਹਾਂ ਦੇ ਪੁੱਤਰਾਂ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਦੀਪਕ ਦੀ ਪੀ ਜੀ ਆਈ ਚੰਡੀਗੜ੍ਹ ਵਿਖ਼ੇ ਮੌਤ ਹੋ ਗਈ ਜਦਕਿ ਸ਼ਿਵਸ਼ਾਂਤ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸੋਨੀ ਵਾਸੀ ਰਾਜਪੁਰ ਭਾਈਆਂ, ਕੁਲਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪੋਸੀ, ਮਨਦੀਪ ਕੌਰ ਪਤਨੀ ਰਵੀ ਵਾਸੀ ਪੋਸੀ, ਰਵੀ ਪੁੱਤਰ ਗੁਰਮੇਲ ਸਿੰਘ, ਸੋਨੂੰ ਪੁੱਤਰ ਗੁਰਮੇਲ ਸਿੰਘ ਵਾਸੀ ਪੋਸੀ, ਕਮਲਜੀਤ ਕੌਰ ਪਤਨੀ ਚਰਨਦਾਸ ਵਾਸੀ ਪੋਸੀ, ਚਰਨ ਦਾਸ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।