ਮੈਰਿਟ ਹੋਲਡਰ ਬੇਰੁਜ਼ਗਾਰ ਲਾਇਬਰੇਰੀਅਨਾਂ ਵੱਲੋਂ ਪਹਿਲਾਂ ਲਾਲ ਬੱਤੀ ਚੌਂਕ ਜਾਮ,ਫਿਰ ਬੱਸ ਅੱਡਾ ਘੇਰਿਆ
ਸੰਗਰੂਰ, 1ਜਨਵਰੀ(ਵਿਸ਼ਵ ਵਾਰਤਾ)-: ਪਿਛਲੇ ਗਿਆਰਾਂ ਦਿਨਾਂ ਤੋਂ ਸੰਗਰੂਰ ਡੀ ਸੀ ਦਫਤਰ ਬਾਹਰ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਮੈਰਿਟ ਹੋਲਡਰ ਬੇਰੁਜ਼ਗਾਰ ਲਾਇਬਰੇਰੀਅਨਾਂ ਦਾ ਸਬਰ ਦਾ ਪਿਆਲਾ ਭਰ ਗਿਆ ਜਾਪਿਆ। ਜਦੋਂ ਉਨ੍ਹਾਂ ਨੇ ਲਾਲ ਬੱਤੀ ਸੰਗਰੂਰ ਚੌਂਕ ਘੰਟਿਆਂ ਬੱਤੀ ਜਾਮ ਕਰੀ ਰੱਖਿਆ।
ਫਿਰ ਵੀ ਜਦੋਂ ਸੰਗਰੂਰ ਸਿਵਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸਾਰ ਨਾ ਲਈ ਤਾਂ ਉਨ੍ਹਾਂ ਨੇ ਅੱਕ ਕੇ ਸੰਗਰੂਰ ਦਾ ਬੱਸ ਅੱਡਾ ਦੋਵੇਂ ਗੇਟ ਬੰਦ ਕਰ ਕੇ ਜਾਮ ਲਗਾ ਦਿੱਤਾ। ਫੇਰ ਲਗਪਗ ਤਿੰਨ ਘੰਟਿਆਂ ਬਾਅਦ ਸੁੱਤੇ ਪਏ ਪ੍ਰਸ਼ਾਸ਼ਨ ਨੂੰ ਜਾਗ ਆਈ ਜਦੋਂ ਆਮ ਲੋਕਾਂ ਨੇ ਵੀ ਉਨ੍ਹਾਂ ਲਾਇਬਰੇਰੀਅਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।
ਕਾਬਲੇਗੌਰ ਹੈ ਕਿ ਇਹ ਬੇਰੁਜ਼ਗਾਰ ਲਾਇਬਰੇਰੀਅਨ ਆਪਣੀਆਂ ਰਹਿੰਦੀਆਂ ਪੋਸਟਾਂ ਤੇ ਜੁਆਈਨਿੰਗ ਮੰਗ ਰਹੇ ਹਨ ਅਤੇ ਸਰਕਾਰ ਨੇ ਇਨ੍ਹਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ। ਇਨ੍ਹਾਂ ਬੇਰੁਜ਼ਗਾਰਾਂ ਦਾ ਗੁੱਸਾ ਸੰਗਰੂਰ ਪ੍ਰਸ਼ਾਸਨ ਪ੍ਰਤੀ ਵੀ ਨਿਕਲ ਕੇ ਬਾਹਰ ਆਇਆ ਕਿਉਂਕਿ ਸੰਗਰੂਰ ਸਿਵਲ ਪ੍ਰਸਾਸ਼ਨ ਨੇ ਸਾਰਾ ਦਿਨ ਇਨ੍ਹਾਂ ਦੀ ਕੋਈ ਖ਼ਬਰ ਸਾਰ ਨਾ ਲਈ।
ਜਦੋਂ ਸਿਵਲ ਅਧਿਕਾਰੀਆਂ ਨਾਲ ਇਨ੍ਹਾਂ ਸਬੰਧੀ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਅਤੇ ਟਲਦੇ ਨਜ਼ਰ ਆਏ। ਸਿਵਲ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਰਾ ਦਿਨ ਬੇਰੁਜ਼ਗਾਰ ਲਾਇਬਰੇਰੀਅਨਾਂ ਦੇ ਨਾਲ ਨਾਲ ਆਮ ਲੋਕ ਵੀ ਖੱਜਲ ਖੁਆਰ ਹੁੰਦੇ ਰਹੇ। ਬੇਰੁਜ਼ਗਾਰ ਲਾਇਬਰੇਰੀਅਨਾਂ ਤੇ ਨਾਲ ਨਾਲ ਆਮ ਰਾਹਗੀਰ ਵੀ ਸਰਕਾਰ ਪ੍ਰਤੀ ਨਾਅਰੇ ਮਾਰ ਕੇ ਆਪ ਦਾ ਗੁੱਸਾ ਜ਼ਾਹਰ ਕਰ ਰਹੇ ਸਨ ।