-
ਅੱਲੇ ਨਾ ਪੱਲੇ ਫਿਰ ਵੀ ਬੱਲੇ ਬੱਲੇ ਇਹ ਕਹਾਵਤ ਪੱਤਰਕਾਰੀ ਦੇ ਪੇਸ਼ੇ ਵਿੱਚ ਕੁਝ ਚਾਪਲੂਸਾਂ ਪੱਤਰਕਾਰਾਂ ਤੇ ਢੁੱਕਦੀ ਹੈ। ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਮਨੋਬਲ ਇਨ੍ਹਾਂ ਚਾਪਲੂਸ ਪੱਤਰਕਾਰਾਂ ਕਾਰਨ ਡਿੱਗਦਾ ਜਾ ਰਿਹਾ ਹੈ। ਹੁਣ ਜ਼ਰੂਰਤ ਇਹ ਹੈ ਕਿ ਇਨ੍ਹਾਂ ਚਾਪਲੂਸਾਂ ਪੱਤਰਕਾਰਾਂ ਨੂੰ ਆਪਣੀ ਔਕਾਤ ਦਿਖਾਉਣ ਲਈ ਸਾਨੂੰ ਅਖ਼ਬਾਰਾਂ ਵਿੱਚ ਆਪਣੇ ਆਰਟੀਕਲ ਛਾਪ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਚਾਹੀਦਾ ਹੈ। ਇਹ ਚਾਪਲੂਸ ਪੱਤਰਕਾਰ ਅਖਬਾਰਾਂ ਅਤੇ ਚੈਨਲ ਮੈਨੇਜਮੈਂਟ ਦੇ ਲੋਕਾਂ ਦੀ ਚਾਪਲੂਸੀ ਕਰ ਵੱਡੀ ਪੋਸਟ ਤਾਂ ਹਾਸਲ ਕਰ ਲੈਂਦੇ ਹਨ ਪਰ ਅਨਪ੍ਰੋਫੈਸ਼ਨਲ ਗੱਲ ਕਰ ਆਪ ਹੀ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ। ਅਜਿਹੇ ਪੱਤਰਕਾਰਾਂ ਵਿਚ ਮੈਂ ਮੈਂ ਬਹੁਤ ਹੁੰਦੀ ਹੈ। ਮੈਂ ਇਹ ਸੀ ਪਹਿਲਾ ਮੈਂ ਓ ਸੀ ਪਹਿਲਾ, ਮੈਂ ਇਹ ਕਰਾ ਸਕਦਾ ਮੈਂ ਓ ਕਰ ਸਕਦਾ, ਸ਼ਬਦ ਬਾਰ ਬਾਰ ਅਦਾਰਿਆਂ ‘ਚ ਸੁਣਨੇ ਨੂੰ ਮਿਲ ਜਾਂਦੇ ਹਨ। ਇਸੀ ਤਰਾਂ ਦਾ ਇਕ ਵਾਕਿਆ ਤੁਹਾਨੂੰ ਦੱਸਦੇ ਹਾਂ ਇੱਕ ਵੱਡੇ ਚੈਨਲ ਇੱਕ ਅਨਪ੍ਰੋਫੈਸ਼ਨਲ ਇੰਚਾਰਜ਼ ਦਸਤਕ ਦਿੰਦਾ ਹੈ। ਉਹ ਆਪਣੀ ਪਛਾਣ ਦੱਸਦਾ ਹੈ ਕਿ ਉਸ ਨੇ ਪਹਿਲਾ ਕਿਹੜੇ ਕਿਹੜੇ ਅਦਾਰਿਆਂ ਚ ਕੰਮ ਕੀਤਾ। ਪਹਿਲੀ ਝਲਕ ‘ਚ ਉਸਦੇ ਸਟਾਫ਼ ਨੂੰ ਅੰਦਾਜ਼ਾ ਹੋ ਗਿਆ ਕਿ ਉਹ ਫੁਕਰੀ ਹੀ ਮਾਰ ਰਿਹਾ ਹੈ। ਰੋਜ਼ਾਨਾ ਕੋਈ ਵੀ ਸਟਾਫ਼ ਦਾ ਅਧਿਕਾਰੀ ਉਸ ਨਾਲ ਕਿਸੇ ਵੱਡੇ ਅਧਿਕਾਰੀ ਜਾ ਮਹਾਨ ਇਨਸਾਨ ਦੀ ਗੱਲ ਕਰਦਾ ਤਾਂ ਉਹ ਬਾਬਾ ਇੰਚਾਰਜ਼ ਇੱਕ ਦਮ ਇਹ ਕਹਿ ਦਿੰਦਾ ਕਿ ‘ਉਸ ਬੰਦੇ ਨੂੰ ਤਾਂ ਮੈਂ ਹੀ ਸਿਖਾਇਆ ਹੈ…!’ ਸਟਾਫ਼ ਦੇ ਅਧਿਕਾਰੀ ਗੱਲ ਤਾਂ ਸੁਣ ਲੈਂਦੇ ਪਰ ਬਾਅਦ ਵਿੱਚ ਹੱਸ ਹੱਸ ਇੱਕ ਦੂਜੇ ਨੂੰ ਉਸ ਇੰਚਾਰਜ਼ ਦੀ ਐਕਟਿੰਗ ਕਰਕੇ ਦਿਖਾਉਂਦੇ।
ਇੰਚਾਰਜ਼ ਬਾਬਾ ਨੇ ਪਹਿਲੀ ਗੱਪ ਇਹ ਮਾਰੀ ਕਿ ਮੈਂ ਪੰਜਾਬੀ ਇੰਡਸਟਰੀ ‘ਚ ਬਹੁਤ ਕੰਮ ਕੀਤਾ ਨਾਮਵਰ ਡਾਇਰੈਕਟਰਾਂ ਅਦਾਕਾਰਾਂ ਨਾਲ ਮੇਰੀ ਸਿੱਧੀ ਗੱਲਬਾਤ ਹੈ ,ਮੈਂ ਦੋ ਪੰਜਾਬੀ ਫ਼ਿਲਮਾਂ ਵੀ ਲਿਖੀਆਂ ਹਨ। ਜਦੋ ਸਟਾਫ਼ ਦੇ ਹੀ ਇੱਕ ਅਧਿਕਾਰੀ ਨੇ ਉਹਨਾਂ ਨੂੰ ਉਹਨਾਂ ਫ਼ਿਲਮਾਂ ਦੇ ਨਾਮ ਪੁੱਛੇ ਤਾਂ ਬੜੀ ਤੇਜ਼ੀ ਨਾਲ ਇੰਚਾਰਜ਼ ਬਾਬੇ ਨੇ ਨਾਮ ਵੀ ਦੱਸ ਦਿੱਤੇ। ਪਰ ਜਦੋਂ ਫ਼ਿਲਮ ਦੇਖੀ ਤਾਂ ਫ਼ਿਲਮ ਦਾ ਲੇਖ਼ਕ ਕੋਈ ਹੋਰ ਹੀ ਸੀ। ਸਟਾਫ਼ ਦੇ ਅਦਾਕਾਰੀ ਨੇ ਇਹ ਗੱਲ ਅਨਪ੍ਰੋਫੈਸ਼ਨਲ ਇੰਚਾਰਜ਼ ਤੋਂ ਪੁੱਛੀ ਤਾਂ ਉਸਨੇ ਜਵਾਬ ਦਿੱਤਾ ਕਿ ਇਹਨਾਂ ਫ਼ਿਲਮਾਂ ਦੀ ਸਕਰਿਪਟ ਮੈਂ 1 ਲੱਖ ਵਿੱਚ ਵੇਚ ਦਿੱਤੀ। ਬਾਬਾ ਜੀ ਸਟਾਫ਼ ਦੀ ਇੱਕ ਐਂਕਰ ਨੂੰ ਕਹਿੰਦੇ ਨੇ ਤੁਸੀਂ ਗਲਤ ਪ੍ਰੋਫੈਸ਼ਨ ਚੁਣ ਲਿਆ ਤੁਹਾਨੂੰ ਤਾਂ ਮਾਡਲ ਜਾਂ ਐਕਟਰ ਹੋਣਾ ਚਾਹੀਦਾ ਸੀ ਤੁਸੀਂ ਆਪਣਾ ਪੋਰਟਫੋਲੀਓ ਮੈਨੂੰ ਭੇਜੋ ਮੈਂ ਤੁਹਾਨੂੰ ਰਾਤੋਂ ਰਾਤ ਸਟਾਰ ਬਣਾ ਦਿਆਂਗਾ। ਇਹ ਗੱਲ ਪੂਰੇ ਹਫ਼ਤੇ ਦਫਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਉਸ ਦਿਨ ਤੋਂ ਬਾਬਾ ਇੰਚਾਰਜ਼ ਬਾਬਾ ਸਟਾਰ ਬਾਬੇ ਦੇ ਨਾਮ ਤੋਂ ਮਸ਼ਹੂਰ ਹੋ ਗਿਆ।
ਸਟਾਫ਼ ਦੇ ਇੱਕ ਅਧਿਕਾਰੀ ਨੇ ਉਸ ਸਟਾਰ ਬਾਬੇ ਦੀ ਚਾਪਲੂਸੀ ਵੀ ਸ਼ੁਰੂ ਕਰ ਦਿੱਤੀ ਜਿਸ ਤੋਂ ਇੰਚਾਰਜ਼ ਜੀ ਇੱਕ ਤੋਂ ਬਾਅਦ ਇੱਕ ਗੱਪਾਂ ਮਾਰਨ ਲੱਗੇ। ਜਿਸਤਰਾਂ ਬਾਬਾ ਰਾਮ ਰਹੀਮ ਨੇ ਇਹ ਕਿਹਾ ਸੀ ਕਿ ਵਿਰਾਟ ਕੋਹਲੀ ਨੂੰ ਕ੍ਰਿਕਟ ਮੈਂ ਸਿਖਾਇਆ ਹੈ ਉਸੀ ਤਰਾਂ ਇਹ ਸਟਾਰ ਬਾਬਾ ਵੀ ਰੋਜ਼ਾਨਾ ਕਹਿ ਦਿੰਦਾ ਕਿ ਇਸ ਵੱਡੇ ਪੱਤਰਕਾਰ ਨੂੰ ਵੀ ਸਾਰਾ ਕੰਮ ਮੈਂ ਸਿਖਾਇਆ ਹੈ। ਪੰਜਾਬ ਦੇ ਕਈ ਮਹਾਨ ਤੇ ਵੱਡੇ ਪੱਤਰਕਾਰਾਂ ਨੂੰ ਮੈਂ ਸਿਖਾਇਆ ਹੈ। ਪਰ ਉਸ ਸਟਾਰ ਬਾਬੇ ਨੂੰ ਆਪ ਕੁੱਝ ਵੀ ਨਹੀਂ ਆਉਂਦਾ ਸੀ। ਸਟਾਫ਼ ਅਧਿਕਾਰੀ ਬਾਬੇ ਬਾਰੇ ਆਮ ਕਹਿੰਦੇ ਸਾਡਾ ਸਟਾਰ ਬਾਬਾ ਤਾਂ ਸ਼ਕਤੀਮਾਨ ਹੈ ਇਹ ਪਾਣੀ ਵਿਚ ਪਕੌੜੇ ਤਲ ਲੈਂਦਾ ਹੈ ਅਤੇ ਗੱਲਾਂ ਦਾ ਕੜਾਹ ਬਣਾ ਦਿੰਦਾ ਹੈ।
ਬਾਬਾ ਜੀ ਨੂੰ ਅਦਾਰੇ ਵਿੱਚ ਸੰਪਾਦਕ ਦਾ ਅਹੁਦਾ ਤਾਂ ਨਹੀਂ ਮਿਲਿਆ ਪਰ ਬਾਬਾ ਜੀ ਸਾਰਿਆਂ ਨੂੰ ਇਹ ਕਹਿੰਦੇ ਕਿ ਮੈਨੂੰ ਸਾਰੇ ਸੰਪਾਦਕ ਕਿਹਾ ਕਰੋ। ਬਾਬਾ ਜੀ ਨੇ ਚੈਨਲ ਨਾਲ ਜੁੜਣ ਤੋਂ ਪਹਿਲਾ ਸਭ ਤੋਂ ਪਹਿਲਾਂ ਵਿਸੀਟਿੰਗ ਕਾਰਡ ਬਣਾਏ ਤੇ ਇੱਕੋ ਦਿਨ 200 ਕਾਰਡ ਵੰਡ ਦਿੱਤੇ। ਹੱਦ ਤਾਂ ਉਦੋਂ ਹੋ ਗਈ ਜਦੋ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਤਰੱਕੀਆਂ ਹੋਈਆਂ ਬਾਬਾ ਜੀ ਨੇ ਤੁਰੰਤ ਵਾਟ੍ਸ ਐਪ ਤੇ ਖ਼ਬਰ ਪਾਈ ਕਿ ਪੰਜਾਬ ਸਰਕਾਰ ਨੇ ਇੱਕ ਮੁਅੱਤਲ ਪੁਲਿਸ ਅਧਿਕਾਰੀ ਦੀ ਤਰੱਕੀ ਕਰ ਦਿੱਤੀ ਹੈ। ਇਸ ਤੇ ਜਿਲ੍ਹੇ ਦੇ ਹਰ ਰਿਪੋਰਟਰ ਦੀ ਡਿਊਟੀ ਲਗਾ ਦਿੱਤੀ ਕਿ ਪੰਜਾਬ ਸਰਕਾਰ ਨੂੰ ਠੋਕੋ ਤੇ ਇਸ ਤੇ ਵੱਡੇ ਨੇਤਾਵਾਂ ਦੇ ਪ੍ਰਤੀਕਿਰਿਆ ਲੋ। ਜਿਸ ਤੋਂ ਤੁਰੰਤ ਬਾਅਦ ਇੱਕ ਰਿਪੋਰਟਰ ਦਾ ਮੈਸੇਜ ਅਉਂਦਾ ਹੈ ਸਰ ਇਹ ਉਹ ਪੁਲਿਸ ਅਧਿਕਾਰੀ ਨਹੀਂ ਹੈ ਇਹ ਤਾਂ ਕੋਈ ਹੋਰ ਹੈ। ਬਾਬਾ ਜੀ ਨੂੰ ਇਸ ਵਿਚ ਸ਼ਰਮ ਤਾਂ ਮਹਿਸੂਸ ਹੋਈ ਪਰ ਅਗਲੇ ਦਿਨ ਪੂਰੀ ਆਕੜ ਨਾਲ ਆਏ ਤੇ ਸ਼ਰਮਸਾਰ ਹੋ ਦੋ ਤਿੰਨ ਸਟਾਫ਼ ਅਧਿਕਾਰੀਆਂ ਦੀਆਂ ਡਿਊਟੀਆਂ ਬਦਲ ਦਿੱਤੀਆਂ। ਬਾਬਾ ਜੀ ਦੇ ਚੇਲੇ ਵੀ ਉਹਨਾਂ ਦੇ ਨਕਸ਼ੇ ਕਦਮ ‘ਤੇ ਚਲਦੇ ਹਨ। ਬਾਬਾ ਜੀ ਦਾ ਇੱਕ ਚੇਲਾ ਸੁਪਰੀਮ ਕੋਰਟ ਦੇ ਇਕ ਫੈਸਲੇ ‘ਤੇ ਕਹਿੰਦਾ ਹੈ। ਇਹ ਫੈਸਲਾ ਠੀਕ ਨਹੀਂ ਆਇਆ ਇਸ ‘ਤੇ ਵਕੀਲਾਂ ਤੋਂ ਬਾਈਟ ਲਵੋ ਕਿ ਸੁਪਰੀਮ ਕੋਰਟ ਦਾ ਫੈਸਲਾ ਸਹੀ ਨਹੀਂ ਹੈ। ਲੋ ਕਰ ਲੋ ਗੱਲ ਬਾਬੇ ਦੇ ਚੇਲਾ ਸੁਪਰੀਮ ਕੋਰਟ ਦੇ ਫੈਸਲੇ ‘ਤੇ ਹਾਈ ਕੋਰਟ ਦੇ ਵਕੀਲ ਦੀ ਬਾਈਟ ਲੈਣ ਨੂੰ ਕਹਿੰਦਾ ਹੈ। ਵਾਹ ਓ ਬਾਬੇ ਦਿਆ ਚੇਲਿਆ ਤੂੰ ਕਹਿ ਰਿਹਾ ਹੈ ਕਿ 7 ਸਾਲ ਦਾ ਤਜ਼ਰਬਾ ਮੇਰਾ….. ਪਰ ਤੂੰ ਤਾਂ ਆਪਣੇ ਨਾਲ ਨਾਲ ਫ਼ੀਲਡ ਦੇ ਪੱਤਰਕਾਰ ਅਤੇ ਵਕੀਲ ਦਾ ਵੀ ਲਾਇਸੈਂਸ ਰੱਦ ਕਰਾਉਣ ‘ਤੇ ਲੱਗਿਆ ਹੋਇਆ। ਮੈਂ ਤਾਂ ਬਾਬਾ ਜੀ ਬਾਰੇ ਇਹੀ ਕਹਿਣਾ ਕਿ ਬਾਬਾ ਜੀ ਤੁਸੀਂ ਗ਼ਲਤ ਫਹਿਮੀ ਦੇ ਸ਼ਿਕਾਰ ਹੋ ਤੁਸੀਂ ਸਟਾਫ਼ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਤਾਂ ਗੱਪਾਂ ਮਾਰ ਸਕਦੇ ਹੋਂ ਪਰ ਕੀ ਤੁਸੀਂ ਸ਼ੀਸ਼ੇ ਦੇ ਸਾਹਮਣੇ ਇਹ ਗੱਪਾਂ ਮਾਰ ਸਕਦੇ ਹੋਂ ?
ਬਾਬਾ ਜੀ ਨੂੰ ਕਈ ਸਟਾਫ ਅਧਿਕਾਰੀ ਸ਼ਕਤੀਮਾਨ ਅਤੇ ਸਟਾਰ ਬਾਬਾ ਕਹਿੰਦੇ ਤੇ ਕੁੱਝ ਸਟਾਫ਼ ਅਧਿਕਾਰੀ ਠਰਕੀ ਬਾਬਾ… ਕਿਉਂ ਕਿ ਬਾਬਾ ਜੀ ਆਪਣੇ ਪੁਰਾਣੇ ਕਿਸੇ ਆਮ ਸੁਣਾਉਂਦੇ। ਬਾਬਾ ਜੀ ਕਹਿੰਦੇ ਹਨ ਕਿ ਜਦੋਂ ਮੈਂ ਤੁਹਾਡੀ ਉਮਰ ਵਿਚ ਸੀ ਤਾਂ ਪੂਰੀ ਐਸ਼ ਕਰਦਾ ਸੀ ਬਾਬਾ ਜੀ ਦਾਰੂ ਵੀ ਖੂਬ ਪੀਂਦੇ ਹਨ ਅਤੇ ਚਿਕਨ ਵੀ ਖੂਬ ਖਾਂਦੇ ਹਨ ਪਰ ਬਾਬਾ ਜੀ ਕਹਿੰਦੇ ਹਨ ਨਾ ਮੈਂ ਦਾਰੂ ਪੀਂਦਾ ਹਾਂ ਤੇ ਨਾ ਹੀ ਚਿਕਨ ਮੈਂ ਤਾਂ ਬਹੁਤ ਧਾਰਮਿਕ ਇਨਸਾਨ ਹਾਂ। ਜੇਕਰ ਸਟਾਫ਼ ਤੋਂ ਉਹਨਾਂ ਦੇ ਬਾਰੇ ਪੁਛੋ ਤਾਂ ਬਾਬਾ ਜੀ ਬਾਰੇ ਸਟਾਫ਼ ਕਹਿੰਦਾ ਹੈ ਬਾਬਾ ਜੀ ਨਵੇਂ ਆਏ ਹਨ ਬਾਬਾ ਜੀ ਬੈਡ ਭਾਲਦੇ ਨੇ ਤੇ ਬੈਡ ਨਾਲ ਕੁੱਝ ਹੋਰ ਵੀ …….ਬਾਬਾ ਜੀ ਕਹਿੰਦੇ ਹਨ ਇਥੇ ਦੀਆਂ ਕੁੜੀਆਂ ਠੀਕ ਨਹੀ……ਬਾਬਾ ਜੀ ਕਹਿੰਦੇ ਇਥੇ ਦੀਆਂ ਕੁੜੀਆਂ ਮੇਰੇ ‘ਤੇ ਡੋਰੇ ਪਾਉਂਦੀਆਂ ……ਬਾਬਾ ਜੀ ਆਪਣੇ ਆਪ ਨੂੰ ਬਾਬਾ ਰਾਮ ਰਹੀਮ ਤੋਂ ਘੱਟ ਨਹੀਂ ਸਮਝਦੇ। ਆਖਿਰ ਪਾਠਕਾਂ ਹੀ ਦੱਸਣ ਕਿ ਬਾਬਿਆਂ ਦਾ ਬਾਬਾ ਇਹ ਬਾਬਾ ਕੌਣ ਹੈ ? ਇੰਚਾਰਜ਼ ਬਾਬਾ ? ਸੰਪਾਦਕ ਬਾਬਾ ? ਸ਼ਕਤੀਮਾਨ ਬਾਬਾ ? ਜਾਂ ਸਟਾਰ ਬਾਬਾ ?
ਅੰਕੁਰ ਤਾਂਗੜੀ
( ਚੰਡੀਗੜ੍ਹ )9780216988