ਚੰਡੀਗੜ੍ਹ/31 ਜੁਲਾਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਅਦਬੀ ਕੇਸ ‘ਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਮੀਡੀਆ ਵੱਲੋਂ ਪੇਸ਼ ਕੀਤੇ ਉਹਨਾਂ ਦੇ ਬਿਆਨ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਬਿਲਕੁੱਲ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੈਂ ਬੇਅਦਬੀ ਦੇ ਕੇਸ ਵਿਚ ਕਦੇ ਵੀ ਕਿਸੇ ਨੂੰ ਕਲੀਨ ਚਿਟ ਨਹੀਂ ਦਿੱਤੀ ਅਤੇ ਨਾ ਹੀ ਡੇਰਾ ਪ੍ਰੇਮੀਆਂ ਦੀ ਗਿਰਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਦੇ ਉਲਟ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਅਕਾਲੀ ਦਲ ਇਸ ਕਲੋਜ਼ਰ ਰਿਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਇਸ ਕੇਸ ਨੂੰ ਕਿਸੇ ਸਿੱਟੇ ਉਤੇ ਪਹੁੰਚਾਇਆ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਲੋਜ਼ਰ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਇਸ ਜਾਂਚ ਨੂੰ ਬੰਦ ਕੀਤੇ ਜਾਣ ਵਿਰੁੱਧ ਮੈਂ ਪੂਰੀ ਦ੍ਰਿੜਤਾ ਨਾਲ ਆਪਣਾ ਅਤੇ ਆਪਣੀ ਪਾਰਟੀ ਦਾ ਸਟੈਡ ਦੁਹਰਾਉਂਦਾ ਹਾਂ। ਅਸੀਂ ਇਸ ਕਲੋਜ਼ਰ ਰਿਪੋਰਟ ਨੂੰ ਵਾਪਸ ਲਏ ਜਾਣ ਦੇ ਹੱਕ ਵਿਚ ਹਾਂ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੀਬੀਆਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਿਨੌਣੇ ਕੇਸ ਦੀ ਜਾਂਚ ਨੂੰ ਅੰਤਿਮ ਸਿੱਟੇ ਉੱਤੇ ਪਹੁੰਚਾਉਣ ਦਾ ਨਿਰਦੇਸ਼ ਦੇਵੇ।ਉਹਨਾਂ ਕਿਹਾ ਕਿ ਅਕਾਲੀ ਦਲ ਅਸਲੀ ਦੋਸ਼ੀਆਂ, ਉਹਨਾਂ ਦੇ ਸਪਾਂਸਰਾਂ ਅਤੇ ਇਸ ਘਿਨੌਣੀ ਸਾਜ਼ਿਸ਼ ਦੇ ਸਰਗਨਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਕਾਨੂੰਨ ਰਾਹੀਂ ਇੱਕ ਅਜਿਹੀ ਮਿਸਾਲੀ ਸਜ਼ਾ ਦਿਵਾਉਣੀ ਚਾਹੁੰਦਾ ਹੈ ਕਿ ਭਵਿੱਖ ਵਿਚ ਕੋਈ ਅਜਿਹੀ ਨਾਪਾਕ ਹਰਕਤ ਕਰਨ ਦੀ ਜੁਅਰਤ ਨਾ ਕਰੇ।
ਸਰਦਾਰ ਬਾਦਲ ਨੇ ਅੱਗੇ ਕਿਹਾ ਕਿ ਇਹ ਵੇਖ ਕੇ ਸਾਰੇ ਸਿੱਖਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਿਣਾਉਣੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਕਾਂਗਰਸ ਸਰਕਾਰ ਨੇ ਇਸ ਸਾਰੀ ਸਾਜ਼ਿਸ਼ ਦੀ ਜੜ੍ਹ ਤਕ ਜਾਣ ਲਈ ਕੋਈ ਗੰਭੀਰਤਾ ਜਾਂ ਕਾਹਲ ਨਹੀਂ ਵਿਖਾਈ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਇ ਕਾਂਗਰਸ ਸਰਕਾਰ ਦੀ ਸਿਰਫ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਿਆਸਤ ਕਰਨ ਵਿਚ ਦਿਲਚਸਪੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਵੰਡੀਆਂ ਪਾਉਣ ਵਾਲੀ ਸਿਆਸਤ ਵਿੱਚੋਂ ਕੁੱਝ ਨਹੀਂ ਨਿਕਲੇਗਾ। ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਇ ਜਿਹੜੇ ਵੀ ਦੋਸ਼ੀ ਹਨ, ਭਾਂਵੇ ਉਹ ਕੋਈ ਵੀ ਹੋਣ, ਉਹਨਾਂ ਨੂੰ ਫੜ ਕੇ ਸਿੱਖ ਭਾਈਚਾਰੇ ਦੇ ਤੌਖ਼ਲਿਆਂ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ...