ਮੇਅਰ ਵੱਲੋਂ ਸੈਕਟਰ 39 ਡੀ ਵਿਖੇ ਸਿਵਲ ਡਿਸਪੈਂਸਰੀ ਦਾ ਉਦਘਾਟਨ

ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):-ਚੰਡੀਗੜ੍ਹ ਦੇ ਮੇਅਰ ਸ੍ਰੀ ਰਵੀ ਕਾਂਤ ਸ਼ਰਮਾ ਨੇ ਅੱਜ ਇਥੇ ਸੈਕਟਰ 39 ਡੀ ਵਿਖੇ ਸਿਵਲ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੌਕੇ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਆਈ.ਏ.ਐਸ., ਇਲਾਕਾ ਕੌਂਸਲਰ ਸ੍ਰੀਮਤੀ ਗੁਰਬਖਸ਼ ਰਾਵਤ ਸਮੇਤ ਹੋਰ ਕੌਂਸਲਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਡਿਸਪੈਂਸਰੀ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਮੇਅਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨਗਰ ਨਿਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਮ.ਸੀ.ਸੀ. ਪ੍ਰਾਇਮਰੀ ਹੈਲਥ ਦੇ ਖੇਤਰ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਅਪਗ੍ਰੇਡ ਕਰਨ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਨਵੀਆਂ ਡਿਸਪੈਂਸਰੀਆਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਨਾਲ ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਮੁਹੱਈਆ ਕਰਵਾਈਆ ਜਾ ਸਕਣਗੀਆਂ।
ਮੇਅਰ ਨੇ ਦੱਸਿਆ ਕਿ ਸੈਕਟਰ 39 ਵਿਚਲੀ ਡਿਸਪੈਂਸਰੀ 686 ਵਰਗ ਮੀਟਰ ਏਰੀਏ ਵਿੱਚ ਫੈਲੀ ਹੋਈ ਹੈ। ਇਸ ਇਮਾਰਤ ਦੇ ਨਿਰਮਾਣ ‘ਤੇ 2.63 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਹ ਨਿਰਧਾਰਤ ਸਮੇਂ ਅੰਦਰ ਮੁਕੰਮਲ ਹੋ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਮਾਰਤ ਵਿੱਚਲੀਆਂ ਸਿਹਤ ਸੇਵਾਵਾਂ ਦੇ ਲੋੜੀਂਦੇ ਸਾਮਾਨ ਵਿੱਚ ਰਜਿਸਟ੍ਰੇਸ਼ਨ ਰੂਮ, ਡਾਕਟਰਾਂ ਦਾ ਅਗਜੈਮੀਨੇਸ਼ਨ ਰੂਮ, ਲੈਬਾਰਟਰੀ, ਇੰਜੈਕਸ਼ਨ ਰੂਮ, ਐਚ.ਆਈ.ਵੀ., ਮਲੇਰੀਆ ਲੈਬ, ਟੀਕਾਕਰਨ ਅਤੇ ਪਰਿਵਾਰ ਭਲਾਈ ਕਮਰਾ, ਆਰ.ਐਨ.ਟੀ.ਸੀ.ਪੀ./ਡੀ.ਓ.ਟੀ. ਕੇਂਦਰ, ਨਸਬੰਦੀ/ਟੀਕਾ/ਡਰੈਸਿੰਗ/ਫਾਰਮੇਸੀ ਰੂਮ, ਔਰਤਾਂ, ਮਰਦਾਂ ਅਤੇ ਸਰੀਰਕ ਤੌਰ ‘ਤੇ ਅਪਾਹਜਾਂ ਲਈ ਟਾਇਲਟ ਬਲਾਕ ਅਤੇ ਰਸੋਈ ਅਤੇ ਪਖਾਨੇ ਨਾਲ ਚੌਕੀਦਾਰ ਦਾ ਕਮਰਾ ਸ਼ਾਮਲ ਹੈ। ਇਸ ਤੋਂ ਇਲਾਵਾ ਡਿਸਪੈਂਸਰੀ ਕੰਪਲੈਕਸ ਅੰਦਰ 25 ਕਾਰਾਂ ਲਈ ਪਾਰਕਿੰਗ ਦੀ ਥਾਂ ਵੀ ਮੌਜੂਦ ਹੈ।
***






















