ਮੂੰਗੀ ਕਾਸ਼ਤਕਾਰਾਂ ਨੂੰ ਵਿੱਤੀ ਘਾਟੇ ਲਈ ਸਰਕਾਰ ਤੁਰੰਤ 2,500 ਰੁਪਏ ਪ੍ਰਤੀ ਕੁਇੰਟਲ ਮੁਆਵਜਾ ਦੇਵੇ : ਰਾਜਵਿੰਦਰ ਕੌਰ ਰਾਜੂ
86 ਫੀਸਦ ਕਿਸਾਨ ਘੱਟ ਕੀਮਤ ਤੇ ਵਪਾਰੀਆਂ ਨੂੰ ਮੂੰਗੀ ਵੇਚਣ ਲਈ ਮਜਬੂਰ ਹੋਏ : ਮਹਿਲਾ ਕਿਸਾਨ ਯੂਨੀਅਨ
ਜਲੰਧਰ, 2 ਅਗਸਤ (ਵਿਸ਼ਵ ਵਾਰਤਾ) ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਦਲਵੀਂ ਫਸਲ ਵਜੋਂ ਮੂੰਗੀ ਬੀਜਣ ਅਤੇ ਪੂਰੀ ਖਰੀਦ ਕਰਨ ਦੇ ਦਿੱਤੇ ਝਾਂਸੇ ਦੀ ਨਿੰਦਾ ਕਰਦਿਆਂ ਆਖਿਆ ਹੈ ਕਿ ਚਾਲੂ ਸੀਜ਼ਨ ਵਿੱਚ ਮੂੰਗੀ ਦੀ ਕਰੀਬ 86% ਫਸਲ ਸਰਕਾਰ ਵੱਲੋਂ ਤੈਅਸ਼ੁਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ ਘੱਟ ਮੁੱਲ ਉਤੇ ਵਿਕੀ ਹੈ ਜਿਸ ਕਰਕੇ ਭਗਵੰਤ ਮਾਨ ਸਰਕਾਰ ਮੂੰਗੀ ਕਾਸ਼ਤਕਾਰਾਂ ਨੂੰ ਹੋਏ ਵਿੱਤੀ ਨੁਕਸਾਨ ਲਈ ਘੱਟੋ-ਘੱਟ 2,500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਅੰਕੜਿਆਂ ਮੁਤਾਬਿਕ ਐਤਕੀ ਲਗਭਗ ਇੱਕ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਬੀਜੀ ਗਈ ਮੂੰਗੀ ਦੀ ਫ਼ਸਲ ਤੋਂ ਲਗਭਗ 4.5 ਲੱਖ ਕੁਇੰਟਲ ਪੈਦਾਵਾਰ ਦਾ ਟੀਚਾ ਸੀ ਜਿਸ ਵਿੱਚੋਂ ਆਪ ਸਰਕਾਰ ਨੇ ਵਾਅਦੇ ਦੇ ਉਲਟ ਨਿਗੂਣੀ ਖਰੀਦ ਕੀਤੀ ਹੈ।
ਖਰੀਦ ਦੇ ਵੇਰਵੇ ਨਸ਼ਰ ਕਰਦਿਆਂ ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਉਲਟ ਖਰੀਦ ਏਜੰਸੀ ਮਾਰਕਫੈੱਡ ਨੇ ਸਿਰਫ 48,062 ਕੁਇੰਟਲ (11.84%) ਮੂੰਗੀ ਐੱਮ.ਐੱਸ.ਪੀ. ਉਤੇ ਖਰੀਦੀ ਹੈ ਜਦਕਿ ਵਪਾਰੀਆਂ ਨੇ 3,57,912 ਕੁਇੰਟਲ (88.16%) ਮੂੰਗੀ ਖਰੀਦੀ ਹੈ ਜੋ ਉਨ੍ਹਾਂ ਨੇ ਮਿੱਥੇ ਹੋਏ ਐੱਮ.ਐੱਸ.ਪੀ. ਤੋਂ ਘੱਟ ਭਾਅ ਉਤੇ ਖਰੀਦੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਮੂੰਗੀ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿੱਚ ਰੁਲਣਾ ਪਿਆ।
ਮੂੰਗੀ ਕਾਸ਼ਤਕਾਰਾਂ ਨਾਲ ਹੋਈ ਜੱਗੋਂ ਤੇਰ੍ਹਵੀਂ ਬਾਰੇ ਗੱਲ ਕਰਦਿਆਂ ਬੀਬਾ ਰਾਜੂ ਨੇ ਆਖਿਆ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ 86 ਫੀਸਦ ਕਿਸਾਨਾਂ ਨੇ ਐੱਮ.ਐੱਸ.ਪੀ. ਲਈ ਮਿਥੇ 7,275 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲੋਂ ਘੱਟ ਮੁੱਲ ਉਤੇ ਵੇਚੀ ਹੈ ਜਦਕਿ ਕੁੱਝ ਮੰਡੀਆਂ ਵਿੱਚ ਤਾਂ ਵਪਾਰੀਆਂ ਨੇ 3,000-3,500 ਰੁਪਏ ਪ੍ਰਤੀ ਕੁਇੰਟਲ ਤੱਕ ਬਹੁਤ ਹੀ ਘੱਟ ਭਾਅ ਉਤੇ ਮੂੰਗੀ ਖ਼ਰੀਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਵੱਡਾ ਮਾਲੀ ਨੁਕਸਾਨ ਪੁੱਜਾ ਹੈ।
ਕਿਸਾਨ ਨੇਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੂੰਗੀ ਕਾਸ਼ਤਕਾਰਾਂ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ 1,000 ਰੁਪਏ ਦੀ ਥਾਂ ਤੁਰੰਤ 2,500 ਰੁਪਏ ਪ੍ਰਤੀ ਕੁਇੰਟਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸਾਨ ਬਦਲਵੀਆਂ ਫ਼ਸਲਾਂ ਉਗਾਉਣ ਲਈ ਨਿਰਉਤਸ਼ਾਹਤ ਨਾ ਹੋਣ।























