ਮੁੱਠੀ ਭਰ ਕਾਰਪੋਰੇਟਾਂ ਅਤੇ ਸਾਮਰਾਜ ਦੇ ਪਿੱਠੂਆਂ ਨੂੰ ਛੱਡਕੇ ਦੇਸ਼ ਦਾ ਬੱਚਾ ਬੱਚਾ ਕਿਸਾਨ ਅੰਦੋਲਨ ਨਾਲ – ਕਿਸਾਨ ਆਗੂ

ਬੁਢਲਾਡਾ ,19 ਫਰਵਰੀ ( ਵਿਸ਼ਵ ਵਾਰਤਾ ) ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਤਹਿਤ ਅੱਜ ਸ਼ਹਿਰ ਦੇ ‘141 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਪਿੰਡਾਂ ਵਿੱਚੋਂ ਕਿਸਾਨਾਂ ਦੇ ਜਥੇ ਟਰੈਕਟਰ- ਟਰਾਲੀਆਂ ਅਤੇ ਹੋਰ ਸਾਧਨਾਂ ‘ਤੇ ਪੂਰੇ ਉਤਸ਼ਾਹ ਨਾਲ ਪਹੁੰਚਦੇ ਹਨ।
ਅੱਜ ਕਿਸਾਨਾਂ ਦੇ ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ ਅਤੇ ਮੁਲਾਜ਼ਮ ਆਗੂ ਜਗਜੀਵਨ ਸਿੰਘ ਹਸਨਪੁਰ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸਾਰੇ ਦੇਸ਼ ਦੀ ਜਨਤਾ ਇੱਕਮੁੱਠ ਹੋ ਕੇ ਸੰਘਰਸ਼ ਵਿੱਚ ਕੁੱਦ ਪੲੀ ਹੈ। ਦੇਸ਼ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਇਸ ਕਰਕੇ ਵੀ ਚਿੰਤਾਤੁਰ ਹਨ ਕਿਉਂਕਿ ਮੋਦੀ ਸਰਕਾਰ ਮੁੱਠੀ ਭਰ ਘਰਾਣਿਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਹੀ ਹੈ ਅਤੇ ਦੇਸ਼ ਦੀ ਆਰਥਿਕਤਾ ਤੇ ਆਜ਼ਾਦੀ ਦਾਅ ‘ਤੇ ਲਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਮੁੱਠੀ ਭਰ ਕਾਰਪੋਰੇਟਾਂ ਅਤੇ ਸਾਮਰਾਜ ਦੇ ਪਿੱਠੂਆਂ ਨੂੰ ਛੱਡਕੇ ਦੇਸ਼ ਦਾ ਬੱਚਾ ਬੱਚਾ ਪੂਰੀ ਤਰ੍ਹਾਂ ਇੱਕਜੁੱਟ ਹੋ ਗਿਆ ਹੈ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਦੇਸ਼ਭਗਤਕ ਲੋਕਾਂ ਨੇ ਅਸਫਲ ਬਣਾ ਦਿੱਤੀਆਂ ਹਨ।






















