੍ਹ ਭੁਗਤਾਨ ਦੇ ਪ੍ਰਚਲਿਤ ਅਮਲ ਨੂੰ ਜਾਰੀ ਰੱਖਣ ਦਾ ਆੜ੍ਹਤੀਆਂ ਨੂੰ ਭਰੋਸਾ
੍ਹ ਨਿਰਵਿਘਣ ਖਰੀਦ ਨੂੰ ਯਕੀਨੀ ਬਨਾਉਣ ਵਾਸਤੇ ਉਨ੍ਹਾਂ ਨੂੰ ਆਖਿਆ
ਚੰਡੀਗੜ੍ਹ, 11 ਅਪ੍ਰੈਲ: ਆੜ੍ਹਤੀਆਂ ਦੇ ਸ਼ੰਕਿਆ ਨੂੰ ਦੂਰ ਕਰਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਹਾੜ੍ਹੀ ਦੇ ਚਾਲੂ ਮੰਡੀ ਸੀਜ਼ਨ ਦੌਰਾਨ ਭੁਗਤਾਨ ਦੀ ਪ੍ਰਚਲਿਤ ਪ੍ਰਣਾਲੀ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਕਿਸਾਨਾਂ ਨੂੰ ਆੜ੍ਹਤੀਆਂ ਦੇ ਰਾਹੀਂ ਸਮੇਂ ਸਿਰ ਭੁਗਤਾਨ ਯਕੀਨੀ ਬਣਾਇਆ ਜਾਵੇਗਾ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਕਿਸਾਨਾਂ ਦਾ ਉਤਪਾਦ ਖਰੀਦਣ ਤੋਂ 24 ਘੰਟੇ ਦੇ ਅੰਦਰ ਉਨ੍ਹਾਂ ਨੂੰ ਭੁਗਤਾਨ ਯਕੀਨੀ ਬਣਾਉਣ ਵਾਸਤੇ ਵੀ ਖੁਰਾਕ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਖਰੀਦ ਪ੍ਰਕਿਰਿਆ ਵਿੱਚ ਮੁਕੰਮਲ ਪਾਰਦਰਸ਼ਿਤਾ ਅਤੇ ਕੁਸ਼ਲਤਾ ਨੂੰ ਬਣਾਈ ਰੱਖਣ ਲਈ ‘ਜੇ’ ਫਾਰਮ ਨੂੰ ਯਕੀਨੀ ਬਣਾਉਣ ਵਾਸਤੇ ਵੀ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਨਿਰਦੇਸ਼ ਦਿੱਤੇ ਹਨ।
ਆੜ੍ਹਤੀ ਐਸੋਸੀਏਸ਼ਨ ਵੱਲੋਂ ਉਠਾਏ ਗਏ ਇਕ ਹੋਰ ਮੁੱਦੇ ਦੇ ਸਬੰਧ ਵਿੱਚ ਮੁੱਖ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਜ਼ਦੂਰੀ ਅਤੇ ਦਾਮੀ ਦਾ ਸਮੇਂ ਸਿਰ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਨੂੰ ਯਕੀਨੀ ਬਣਾਉਣ ਵਾਸਤੇ ਵੀ ਵਿਭਾਗ ਨੂੰ ਨਿਰਦੇਸ਼ ਦਿੱਤੇ।
ਚਾਲੂ ਹਾੜ੍ਹੀ ਸੀਜ਼ਨ ਦੇ ਦੌਰਾਨ ਮੰਡੀਆਂ ਵਿੱਚ ਆ ਰਹੀ ਕਣਕ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਸਕੱਤਰ ਨੇ ਬਿਨਾ ਕਿਸੇ ਅੜਚਨ ਤੋਂ ਖਰੀਦ ਅਤੇ ਕਣਕ ਦੀ ਚੁਕਾਈ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਆੜ੍ਹਤੀਆਂ ਨੂੰ ਕਿਹਾ। ਆੜ੍ਹਤੀਆਂ ਨੇ ਇਸ ਸਬੰਧ ਵਿੱਚ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਖੁਰਾਕ ਦੇ ਸਿਵਲ ਸਪਲਾਈ ਕੇ.ਏ.ਪੀ.ਸਿਨਹਾ, ਡਾਇਰੈਕਟਰ ਖੁਰਾਕ ਦੇ ਸਿਵਲ ਸਪਲਾਈ ਅਨਿੰਦਿਤਾ ਮਿੱਤਰਾ ਅਤੇ ਸਕੱਤਰ ਮੰਡੀ ਬੋਰਡ ਕਮਲਦੀਪ ਸਿੰਘ ਸੰਘਾ ਹਾਜ਼ਰ ਸਨ।
ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿੱਚ ਇਸ ਦੇ ਪ੍ਰਧਾਨ ਵਿਜੈ ਕਾਲਰਾ, ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ, ਉਪ ਪ੍ਰਧਾਨ ਸਾਧੂ ਰਾਮ, ਸਕੱਤਰ ਸੁਖਵਿੰਦਰ ਸੁੱਖੀ ਅਤੇ ਹੋਰ ਮੈਂਬਰ ਸ਼ਾਮਲ ਸਨ।