ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੀਹੋਂ ਹਟਵੀਆਂ ਪਹਲਕਦਮਿਆਂ ਅਤੇ ਨਿਵੇਸ਼ਕਾਂ ਪੱਖੀ ਨੀਤੀਆਂ ਤੋਂ ਉਤਸ਼ਾਹਤ ਹੋ ਕੇ ਦੇਸ਼ ਕੁੱਝ ਉੱਘੇ ਚਮੜਾ ਅਤੇ ਜੁੱਤਾ ਉਤਪਾਦਕਾਂ ਨੇ ਸੂਬੇ ਵਿੱਚ ਆਪਣੇ ਉੱਧਮ ਸਥਾਪਤ ਕਰਨ ‘ਚ ਭਾਰੀ ਦਿਲਚਸਪੀ ਦਿਖਾਈ ਹੈ।
ਚਮੜਾ ਬਰਾਮਦ ਕੌਂਸਲ ਦੇ ਨੁਮਾਇੰਦਿਆਂ ਦੇ ਨਾਲ ਉਤਪਾਦਕਾਂ ਦਾ ਇਕ ਵਫਦ ਨਵੀਂ ਦਿੱਲੀ ਵਿੱਖੇ ਸੀ.ਈ.ਓ ਇਨਵੈਸਟਮੈਂਟ ਪੰਜਾਬ ਰਜਤ ਅਗਰਵਾਲ ਨੂੰ ਮਿਲਿਆ। ਅਗਰਵਾਲ ਨੇ ਉਨ੍ਹਾਂ ਨੂੰ ਸੂਬੇ ਵਿੱਚ ਚਮੜਾ, ਜੁੱਤਾ ਅਤੇ ਇਸ ਨਾਲ ਸਬੰਧਤ ਇਕਾਈਆਂ ਸਥਾਪਤ ਕਰਨ ਲਈ ਪੂਰਾ ਸਹਿਯੋਗ ਅਤੇ ਮਦਦ ਦੇਣ ਦਾ ਭਰੋਸਾ ਦਿਵਾਇਆ।
ਉਨ੍ਹਾਂ ਨੇ ਸੂਬੇ ਵਿੱਚ ਚਮੜਾ ਉਦਯੋਗ ਨੂੰ ਉਤਸ਼ਾਹਤ ਕਰਨ ਵਾਸਤੇ ਮੁੱਖ ਮੰਤਰੀ ਦੀ ਸੋਚ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਪਹਿਲਾਂ ਹੀ ਉਦਯੋਗ ਵਿਭਾਗ ਨੂੰ ਆਖਿਆ ਹੈ ਕਿ ਭਾਰਤ ਸਰਕਾਰ ਦੀ ” ਮੈਗਾ ਲੈਦਰ ਕਲਸਟਰ” ਸਕੀਮ ਹੇਠ ਜਲੰਧਰ ‘ਚ ”ਸਪੈਸ਼ਲ ਪਰਪਜ਼ ਵਹੀਕਲ” ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਵੇ ਜਿਸ ਦੇ ਨਾਲ ਚਮੜਾ ਉਦਪਾਦਕਾਂ ਨੂੰ ਵੱਧੀਆ ਬੁਨਿਆਦੀ ਢਾਂਚਾ ਪ੍ਰਾਪਤ ਹੋ ਸਕੇਗਾ।
ਨਵੀਂ ਸਨਅਤੀ ਅਤੇ ਵਪਾਰ ਨੀਤੀ ਦੇ ਹੇਠ ਉਦਮੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਬਾਰੇ ਵਫਦ ਨੂੰ ਜਾਣੂ ਕਰਵਾਉਂਦੇ ਹੋਏ ਸੀ.ਈ.ਓ ਇਨਵੇਸਟ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਜੁੜਵੀਆਂ ਇਕਾਈਆਂ ਵਿੱਚ ਮਿਆਦੀ ਪੂੰਜੀ ਨਿਵੇਸ਼ ‘ਤੇ 200 ਫੀਸਦੀ ਤੱਕ ਨੈਟ.ਐਸ.ਜੀ.ਐਸ.ਟੀ ਰਿਆਇਤਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਵਾਧੂ ਬਿਜਲੀ ਹੈ ਅਤੇ ਇਕਾਈਆਂ ਨੂੰ ਇਹ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮੁਹਈਆ ਕਰਵਾਈ ਜਾ ਰਹੀ ਹੈ। ਬਿਜਲੀ ਡਿਊਟੀ ‘ਤੇ 100 ਫੀਸਦੀ ਛੋਟ ਹੈ। ਸਟੈਂਪ ਡਿਉਟੀ ਅਤੇ ਜਾਇਦਾਦ ਟੈਕਸ ‘ਤੇ ਵੀ 100 ਫੀਸਦੀ ਛੋਟ ਹੈ।
ਫੈਕਟਰੀਆਂ ਲਈ ਬਹੁ ਮੰਜਲੀ ਥਾਵਾਂ ਦੀ ਤਰਜ਼ ‘ਤੇ ਤੁਰੰਤ ਸੁਵਿਧਾਵਾਂ ਦਿੱਤੇ ਜਾਣ ਦੀ ਵਫਦ ਦੀ ਮੰਗ ਦੇ ਸਬੰਧ ਵਿੱਚ ਪ੍ਰਬੰਧਕੀ ਡਾਇਰੈਕਟਰ ਪੰਜਾਬ ਲਘੁ ਉਦਯੋਗ ਬਰਾਮਦ ਕਾਰਪੋਰੇਸ਼ਨ ਡੀ ਪੀ ਐਸ ਖਰਬੰਦਾ ਨੇ ਅਜਿਹਾ ਮਾਡਲ ਪੈਦਾ ਕਰਨ ਦੀ ਰੂਪ ਰੇਖਾ ਤਿਆਰ ਕਰਨ ਦਾ ਜਾਇਜ਼ਾ ਲੈਣ ਦਾ ਵਾਅਦਾ ਕੀਤਾ ਹੈ।
ਇਸ ਤੋਂ ਪਹਿਲਾਂ ਪੀ.ਐਸ.ਆਈ.ਈ.ਸੀ ਦੇ ਐਮ ਡੀ ਨੇ ਵਫਦ ਨੂੰ ਜਲੰਧਰ ਤੋਂ 20 ਕਿ.ਮੀ ਦੂਰ ਕਪੂਰਥਲਾ ਵਿਖੇ 293 ਏਕੜ ਜ਼ਮੀਨ ‘ਤੇ ਮਿਕਸਡ ਯੂਜਡ ਇੰਡਸਟਰੀਅਲ ਪਾਰਕ (ਐਮ.ਯੂ.ਆਈ.ਪੀ) ਵਿੱਚ ਕੰਮਕਾਜ ਲਈ ਪੂਰੀ ਤਰ੍ਹਾਂ ਤਿਆਰ ਜ਼ਮੀਨ ਬਾਰੇ ਜਾਣਕਾਰੀ ਦਿੱਤੀ। ਇਹ ਉਦਯੋਗਿਕ ਹੱਬ ਭਾਂਤ-ਭਾਂਤ ਦੇ ਉਦਯੋਗਾਂ ਲਈ ਹੈ। ਇਸ ਐਮ.ਯੂ.ਆਈ.ਪੀ ਵਿੱਚ ਵੱਖ-ਵੱਖ ਟਰੇਡਾਂ ਦੇ ਕਾਮਿਆਂ ਦਾ ਹੁਨਰ ਵਧਾਉਣ ਲਈ ਸਾਂਝਾ ਸੁਵਿਧਾ ਕੇਂਦਰ ਹੋਵੇਗਾ। ਸਥਾਨਕ ਉਦਯੋਗਾਂ ਦੀ ਜ਼ਰੂਰਤ ਅਨੁਸਾਰ ਇਸ ਹੁਨਰ ਦਾ ਪੱਧਰ ਉੱਚਾ ਚੁੱਕਿਆ ਜਾ ਸਕੇਗਾ। ਇਸ ਵਿੱਚ ਕਿਰਤੀਆਂ ਦੇ ਹੋਸਟਲ ਦੀ ਵੀ ਸੁਵਿਧਾ ਹੈ।