• ਸਿਆਸੀ ਇਲਹਾਕ ਦਾ ਬਿਨਾਂ ਲਿਹਾਜ਼ ਕੀਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ
• ਨਸ਼ਿਆਂ ਵਿਰੁੱਧ ਜਾਗਰੁਕਤਾ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ
ਚੰਡੀਗੜ, 3 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਮੰਤਰੀ ਮੰਡਲ ਵੱਲੋਂ ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਸਬੰਧੀ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੇ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਉਨਾਂ ਦੇ ਸਿਆਸੀ ਇਲਹਾਕ ਦਾ ਬਿਨਾਂ ਲਿਹਾਜ਼ ਕੀਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਸ਼ਿਆਂ ਦੀ ਵਰਤੋਂ ਨੂੰ ਇਕ ਬਿਮਾਰੀ ਦੱਸਦੇ ਅਤੇ ਇਸ ਦੇ ਜ਼ਰੂਰੀ ਇਲਾਜ਼ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਨਸ਼ਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਦੀ ਜ਼ਰੂਰਤ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਲੋਕ ਲਹਿਰ ਖੜੀ ਕੀਤੇ ਜਾਣ ਦੀ ਮੁਹਿੰਮ ‘ਤੇ ਜ਼ੋਰ ਦਿੱਤਾ ਹੈ। ਜਾਗਰੂਕਤਾ ਪੈਦਾ ਕੀਤੇ ਜਾਣ ਅਤੇ ਕਾਰਵਾਈ ਕੀਤੇ ਜਾਣ ਵਿਚ ਵਿਖਰੇਵਾਂ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਾਗਰੂਕਤਾ ਕਿਸੇ ਇਕ ਏਜੰਸੀ ਵੱਲੋਂ ਪੈਦਾ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਲੋਕਾਂ ਦੀ ਸ਼ਮੂਲੀਅਤ ਨਾਲ ਸਮੂਹਿਕ ਕੋਸ਼ਿਸ਼ਾਂ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਸਮਾਜਿਕ ਕਾਰਕੁੰਨਾ ਦੇ ਇਕ ਗਰੁੱਪ ਨਾਲ ਵਿਚਾਰ ਚਰਚਾ ਦੌਰਾਨ ਉਪਰੋਕਤ ਵਿਚਾਰ ਪ੍ਰਗਟਾਏ। ਇਹ ਗਰੁੱਪ ਅੱਜ ਨਸ਼ਿਆਂ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਨਾ ਦੇ ਸਰਕਾਰੀ ਨਿਵਾਸ ਸਥਾਨ ‘ਤੇ ਆਇਆ ਸੀ। ਇਨਾ ਕਾਰਕੁੰਨਾਂ ਵਿਚ ਇਕ ਸਾਬਕਾ ਪੀੜਤ ਵੀ ਸ਼ਾਮਲ ਸੀ। ਇਨਾ ਨੇ ਹਾਲ ਹੀ ਵਿਚ ਇਸ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਵਿਚ ”ਨਸ਼ਿਆਂ ਵਿਰੁੱਧ ਕਾਲਾ ਹਫ਼ਤਾ” ਮੁਹਿੰਮ ਸ਼ੁਰੂ ਕੀਤੀ ਹੈ।
ਇਸ ਗਰੁੱਪ ਵਿਚ ਡਾਕਟਰ ਭੁਪਿੰਦਰ ਸਿੰਘ, ਹਾਕਮ ਸਿੰਘ, ਬਲਜੀਤ ਪਨੂੰ ਅਤੇ ਬਲਜਿੰਦਰ ਸਿੰਘ(ਮਿੰਟੂ) ਸ਼ਾਮਲ ਸਨ। ਮਿੰਟੂ ਆਪ ਕਿਸੇ ਸਮੇਂ ਨਸ਼ਿਆਂ ਤੋਂ ਪੀੜਤ ਸੀ। ਉਨਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਦਾ ਸਵਾਗਤ ਕੀਤਾ। ਉਨਾ ਕਿਹਾ ਕਿ ਇਸ ਨਾਲ ਲੋਕਾਂ ਦੇ ਸੁਭਾਅ ਅਤੇ ਇਸ ਮੁੱਦੇ ਬਾਰੇ ਅਨੁਭੂਤੀ ਵਿਚ ਸਪਸ਼ਟ ਤਬਦੀਲੀ ਆਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਨਸ਼ਿਆਂ ਵਿਰੁੱਧ ਜੰਗ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਹਰ ਸੋਮਵਾਰ ਸ਼ਾਮ ਤਿੰਨ ਵਜੇ ਮੀਟਿੰਗ ਕਰਿਆ ਕਰਨਗੇ।
ਇਨਾ ਕਾਰਕੁੰਨਾਂ ਨੇ ਇਸ ਸਬੰਧ ਵਿਚ ਅਕਾਲੀਆਂ ‘ਤੇ ਦੋਸ਼ ਮੜਿਆ ਜਿਨਾ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਕੁਝ ਵੀ ਨਹੀਂ ਕੀਤਾ। ਉਨਾ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਫੰਡਾਂ ਨੂੰ ਘਟਾ ਦਿੱਤਾ ਜਿਸ ਨਾਲ ਇਨਾ ਨੌਜਵਾਨਾਂ ਨੂੰ ਰੁਝੇਵੇਂ ਵਿਚ ਰੱਖਿਆ ਜਾ ਸਕਦਾ ਸੀ ਅਤੇ ਉਸ ਨੇ ਇਨਾ ਨੌਜਵਾਨਾਂ ਨੂੰ ਨਸ਼ਿਆਂ ਵੱਲ ਜਾਣ ਲਈ ਖੁੱਲਾ ਛੱਡ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇਨਾ ਕਾਰਕੁੰਨਾਂ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨਾ ਨੇ ਸਰਕਾਰ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੇ ਐਂਟੀ ਡਰੱਗ ਅਬਿਉਜ਼ ਪਰਿਵੈਨਸ਼ਨ ਆਫਿਸਰਜ਼ ਪ੍ਰੋਗਰਾਮ ਦੇ ਨਾਲ ਤਾਲਮੇਲ ਰਾਹੀਂ ਪਿੰਡਾਂ ਵਿਚ ਰੈਲੀਆਂ ਅਤੇ ਮੋਮਬੱਤੀ ਮਾਰਚ ਕਰਨ ਦਾ ਸੁਝਾਅ ਦਿੱਤਾ। ਉਨਾ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼. ਇਨਾ ਵਿਚ ਸ਼ਮੂਲੀਅਤ ਕਰਨਗੇ।
ਉਨਾ ਨੂੰ ਸਮਾਂ ਦਿੱਤੇ ਜਾਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਾਰਕੁੰਨਾਂ ਨੇ ਹਰੇਕ ਪਿੰਡ ਵਿਚ ਨਸ਼ਿਆਂ ਦੇ ਆਦੀਆਂ ਦੀ ਸ਼ਨਾਖ਼ਤ ਕਰਨ ਲਈ 10-15 ਨੌਜਵਾਨ ਆਧਾਰਤ ਕਮੇਟੀਆਂ ਬਣਾਉਣ ਦਾ ਸੁਝਾਅ ਦਿੱਤਾ। ਉਨਾ ਇਹ ਵੀ ਸੁਝਾਅ ਦਿੱਤਾ ਕਿ ਨਿੱਜੀ ਹਸਪਤਾਲਾਂ ਨੂੰ ਨਸ਼ਈਆਂ ਨੂੰ ਇਲਾਜ਼ ਮੁਹੱਈਆ ਕਰਵਾਉਣ ਵਾਸਤੇ ਆਖਿਆ ਜਾਵੇ। ਇਸ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਨਸ਼ਈਆਂ ਵਾਸਤੇ ਕੁੱਝ ਬੈੱਡ ਰਾਖਵੇਂ ਰੱਖਣ ਲਈ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਲਈ ਆਖਿਆ।
ਉਨਾ ਨੇ ਨਸ਼ੇ ਦੇ ਡੀਲਰਾਂ ਅਤੇ ਪੁਲਿਸ ਮੁਲਾਜ਼ਮਾਂ ਖਾਸਕਰ ਐਸ.ਆਈ. ਅਤੇ ਏ.ਐਸ.ਆਈ. ਪੱਧਰ ਦੇ ਮੁਲਾਜ਼ਮਾਂ ਵਿਚ ”ਨੇੜੇ ਦਾ ਗੱਠਜੋੜ” ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨਾ ਕਿਹਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸ਼ਨਾਖ਼ਤ ਦੱਸਣ ਤੋਂ ਲੋਕ ਡਰਦੇ ਹਨ। ਉਨਾ ਨੇ ਲੋਕਾਂ ਵਿਚ ਨਿੱਘਰ ਭਰੋਸਾ ਪੈਦਾ ਕਰਨ ਲਈ ਸਖ਼ਤ ਕਦਮ ਚੁੱਕਣ ਵਾਸਤੇ ਅਪੀਲ ਕੀਤੀ।
ਕਾਰਕੁੰਨਾਂ ਨੇ ਭੁੱਕੀ ਅਤੇ ਅਫੀਮ ਵਰਗੇ ਰਵਾਇਤੀ ਨਸ਼ਿਆਂ ਵਿਚ ਢਿੱਲ ਦਿੱਤੇ ਜਾਣ ਵਾਸਤੇ ਕਦਮ ਚੁੱਕਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਉਨਾ ਨੇ ਸਾਰੇ ਨਸ਼ਈਆਂ ਦੀ ਡਾਕਟਰੀ ਜਾਂਚ ਦਾ ਵੀ ਸੁਝਾਅ ਦਿੱਤਾ। ਉਨਾ ਕਿਹਾ ਕਿ ਨਸ਼ਈਆਂ ਲਈ ਇਕ ਹੈਲਪਲਾਈਨ ਤਿਆਰ ਕੀਤੀ ਜਾਵੇ। ਉਨਾ ਨੇ ਔਰਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਦਦ ਮੁਹੱਈਆ ਕਰਵਾਉਣ ਲਈ ਐਸ.ਟੀ.ਐਫ. ਵਿਚ ਇਕ ਮਹਿਲਾ ਅਫ਼ਸਰ ਤਾਇਨਾਤ ਕੀਤੇ ਜਾਣ ਦਾ ਵੀ ਸੁਝਾਅ ਦਿੱਤਾ।
ਨਸ਼ਿਆਂ ਨੂੰ ਤਿਆਗਣ ਵਾਲੇ ਮਿੰਟੂ ਨੇ ਦੱਸਿਆ ਕਿ ਉਹ ਖੁਦ ਨਸ਼ਿਆਂ ਵਿਚ ਲੱਗ ਗਿਆ ਸੀ ਅਤੇ ਉਹ ਇਨਾ ਦੇ ਇਵਜ਼ ਵਿਚ ਹੋਰ ਚੀਜ਼ਾਂ ਦੀ ਮਦਦ ਨਾਲ ਨਸ਼ਿਆਂ ਵਿਚੋਂ ਬਾਹਰ ਨਿਕਲਿਆ।
ਇਸ ਮੌਕੇ ਹਾਜ਼ਰ ਹੋਰਣਾਂ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।