– ਮੁੱਖ ਮੰਤਰੀ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਲਈ ਸੇਵਾ-ਮੁਕਤ ਅਤੇ ਪ੍ਰਾਈਵੇਟ ਮਨੋਰੋਗੀ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਦੇ ਹੁਕਮ
– ਨਸ਼ਾ ਛੱਡਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਰਣਨੀਤੀ ਘੜਨ ਦੀ ਹਦਾਇਤ
– ਨਸ਼ਾ ਵਿਰੋਧੀ ਪ੍ਰੋਗਰਾਮਾਂ ਦੇ ਪਾਸਾਰ ਲਈ ਵਿਆਪਕ ਮੀਡੀਆ ਮੁਹਿੰਮ ਚਲਾਉਣ ਲਈ ਆਖਿਆ
ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਤਾਦਾਦ ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ।
ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ ਚੁੱਕੇ ਨਸ਼ਾ ਵਿਰੋਧੀ ਕਦਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਦੀ ਹਫ਼ਤਾਵਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਨਸ਼ਾ ਛੁਡਾਊ ਤੇ ਮੁੜ ਵਸੇਬਾਂ ਕੇਂਦਰਾਂ ਵਿੱਚ ਨਸ਼ਾ ਛੱਡਣ ਲਈ ਆਉਂਦੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਘੜਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੀ ਲਾਹਨਤ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਫੈਲਾਉਣ ਲਈ ਵਿਆਪਕ ਮੀਡੀਆ ਮੁਹਿੰਮ ਆਰੰਭਣ ਦੀ ਵੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਜ਼ਿਲ੍ਹਾ ਅਥਾਰਟੀਆਂ ਨੂੰ ਤੈਅ ਨੇਮਾਂ ਦੀ ਸਰਾਸਰ ਉਲੰਘਣਾ ਕਰਕੇ ਵੱਡੀ ਮਾਤਰਾ ‘ਚ ਬੁਪਰੀਨੋਰਫੀਨ-ਨੈਲੋਕਸਏਨ ਦਵਾਈ ਦੀ ਵਿਕਰੀ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਵੀ ਆਖਿਆ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸੂਬਾ ਸਰਕਾਰ ਦੇ ਨਸ਼ਾ ਵਿਰੋਧੀ ਕਦਮਾਂ ਨੂੰ ਹੋਰ ਅੱਗੇ ਵਧਾਉਣ ਲਈ ਪੰਜਾਬ ਵਿੱਚ ਹੋਰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਕਰਨ ਵਾਸਤੇ ਵਿੱਤੀ ਗਰਾਂਟ ਹਾਸਲ ਕਰਨ ਲਈ ਕੇਂਦਰੀ ਸਮਾਜਿਕ ਸ਼ਸ਼ਕਤੀਕਰਨ ਅਤੇ ਨਿਆਂ ਮੰਤਰਾਲੇ ਕੋਲ ਪਹੁੰਚ ਕਰਨ ਲਈ ਆਖਿਆ।
ਸਰਕਾਰ ਦੇ ਵੱਖ-ਵੱਖ ਨਸ਼ਾ ਵਿਰੋਧੀ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਐਸ.ਡੀ.ਐਮ., ਬੀ.ਡੀ.ਪੀ.ਓ. ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੇੜਲੇ ਓ.ਓ.ਏ.ਟੀ. ਸੈਂਟਰਾਂ ਦੀ ਸੂਚੀ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਬੱਸ ਅੱਡਿਆਂ, ਸਰਕਾਰੀ ਹਸਪਤਾਲਾਂ ਅਤੇ ਸਿਵਲ ਡਿਸਪੈਂਸਰੀਆਂ ਸਮੇਤ ਪ੍ਰਮੁੱਖ ਥਾਵਾਂ ‘ਤੇ ਜਨਤਕ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਸਬੰਧਤ ਜ਼ਿਲ੍ਹਿਆਂ ਦੇ ਮੰਤਰੀਆਂ ਨੂੰ ਵਿਧਾਇਕਾਂ ਸਮੇਤ ਨਿਰੰਤਰ ਮੀਟਿੰਗਾਂ ਕਰਨ ਲਈ ਵੀ ਆਖਿਆ ਤਾਂ ਕਿ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾਂ ਕੇਂਦਰਾਂ ਵਿੱਚ ਨਸ਼ਾ ਛੱਡਣ ਵਾਲਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਇਲਾਜ ‘ਤੇ ਨਜ਼ਰ ਰੱਖੀ ਜਾ ਸਕੇ।
ਬਾਹਰੀ ਮਰੀਜ਼ਾਂ ਦਾ ਬਦਲਵੀਂ ਵਿਧੀ ਰਾਹੀਂ ਇਲਾਜ ਕਰਨ ਵਾਲੇ ਓ.ਓ.ਏ.ਟੀ. ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਕੰਮ ਵਿੱਚ ਤੈਅ ਪ੍ਰਕ੍ਰਿਆ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਮੁੱਖ ਮੰਤਰੀ ਨੇ ਮੌਜੂਦਾ ਪ੍ਰਾਈਵੇਟ ਕੇਂਦਰਾਂ ਵਿੱਚ ਮਾਨਵੀ ਸ਼ਕਤੀ ਅਤੇ ਹੋਰ ਸਹੂਲਤਾਂ ਦੇ ਰੂਪ ਵਿੱਚ ਢੁਕਵਾਂ ਬੁਨਿਆਦੀ ਢਾਂਚਾ ਨੂੰ ਨਿਸ਼ਚਤ ਕਰਨ ਲਈ ਇਨ੍ਹਾਂ ਕੇਂਦਰਾਂ ਦਾ ਫੌਰੀ ਨਿਰੀਖਣ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਅਥਾਰਟੀ ਇਹ ਸਮਝਦੀ ਹੈ ਕਿ ਕੋਈ ਨਸ਼ਾ ਛੁਡਾਊ ਕੇਂਦਰ ਘੱਟੋ-ਘੱਟ ਲੋੜੀਂਦੇ ਮਾਪਦੰਡਾਂ ‘ਤੇ ਵੀ ਖਰਾ ਨਹੀਂ ਉਤਰਦਾ ਜਾਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਨਹੀਂ ਕਰਵਾਉਂਦਾ ਤਾਂ ਅਜਿਹੇ ਕੇਂਦਰ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ।
ਮੁੱਖ ਸਕੱਤਰ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੇਡ ਤੇ ਯੁਵਕ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਯੂਥ ਕਲੱਬਾਂ ਦੀ ਸੁਰਜੀਤੀ ਲਈ ਕਾਰਜ ਯੋਜਨਾ ਤਿਆਰ ਕਰਨ ਅਤੇ ਇਨ੍ਹਾਂ ਕਲੱਬਾਂ ਨੂੰ ਉਤਸ਼ਾਹਤ ਕਰਨ ਲਈ ਕਬੱਡੀ, ਵਾਲੀਬਾਲ ਅਤੇ ਹਾਕੀ ਟੂਰਨਾਮੈਂਟ ਕਰਵਾਏ ਜਾਣ ਤਾਂ ਕਿ ਨੌਜਵਾਨਾਂ ਦੀ ਊਰਜਾ ਸਾਕਾਰਤਮਕ ਪਾਸੇ ਲਾਈ ਜਾ ਸਕੇ। ਮੁੱਖ ਮੰਤਰੀ ਨੇ ਅਜਿਹੇ ਵਾਧੂ ਪਾਠਕ੍ਰਮ ਅਤੇ ਖੇਡ ਗਤੀਵਿਧੀਆਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਸਾਲਾਨਾ ਖੇਡ ਕੈਲੰਡਰ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਲਾਹ-ਮਸ਼ਵਰੇ ਨਾਲ ਅਜਿਹੇ ਖੇਡ ਸਮਾਗਮਾਂ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।
ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਸਿਹਤ ਸਤੀਸ਼ ਚੰਦਰਾ, ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ. ਅਮਨ ਤੇ ਕਾਨੂੰਨ ਹਰਦੀਪ ਢਿੱਲੋਂ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਏ.ਡੀ.ਜੀ.ਪੀ. ਈਸ਼ਵਰ ਸਿੰਘ, ਆਈਜੀ (ਐਸਟੀਐਫ) ਆਰ.ਕੇ. ਜੈਸਵਾਲ, ਆਈ.ਜੀ. (ਐਸਟੀਐਫ) ਬਲਕਾਰ ਸਿੰਘ ਸਿੱਧੂ, ਨੋਡਲ ਅਫਸਰ (ਡੀਏਪੀਪੀਓ) ਰਾਹੁਲ ਤਿਵਾੜੀ ਅਤੇ ਐਮ.ਡੀ. ਪੰਜਾਬ ਸਿਸਟਮ ਹੈਲਥ ਕਾਰਪੋਰੇਸ਼ਨ ਅਮਿਤ ਕੁਮਾਰ ਅਤੇ ਵਿਸ਼ੇਸ ਸਕੱਤਰ ਸਿਹਤ ਬੀ. ਸ੍ਰੀਨਿਵਾਸਨ ਹਾਜ਼ਰ ਸਨ।