ਲੋਕਾਂ ਨੂੰ ਆਲਮੀ ਭਾਈਚਾਰੇ ਅਤੇ ਸਦਭਾਵਨਾ ਦੇ ਰਾਹ ‘ਤੇ ਤੁਰਨ ਦਾ ਸੱਦਾ
ਚੰਡੀਗੜ੍ਹ, 13 ਅਪ੍ਰੈਲ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵਿਸਾਖੀ ਅਤੇ ‘ਖਾਲਸਾ ਪੰਥ’ ਦੇ 319ਵੇਂ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅੰਬੇਡਕਰ ਜੈਅੰਤੀ ਮੌਕੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ |
ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿੰਨ ਇਤਿਹਾਸਕ ਦਿਹਾੜੇ ਸਾਨੂੰ ਸਾਰਿਆਂ ਨੂੰ ਇਹ ਯਾਦ ਦਿਵਾਉਂਦੇ ਹਨ ਕਿ ਸਮਾਜ ਦਾ ਹਰੇਕ ਵਰਗ ਮਾਨਵਤਾ, ਭਾਈਚਾਰਕ ਸਾਂਝ ਅਤੇ ਸਮਾਜਿਕ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦਾ ਹੈ |
ਮੁੱਖ ਮੰਤਰੀ ਨੇ ਲੋਕਾਂ ਨੂੰ ਵਿਸਾਖੀ ਦੇ ਤਿਉਹਾਰ ਦੇ ਨਾਲ-ਨਾਲ ‘ਖਾਲਸਾ ਪੰਥ’ ਦੇ ਸਾਜਨਾ ਦਿਵਸ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਮਿੱਟ ਜਜ਼ਬੇ ਦਾ ਪ੍ਰਤੀਕ ਹੈ |
ਮੁੱਖ ਮੰਤਰੀ ਨੇ 1699 ਦੇ ਪਵਿੱਤਰ ਦਿਨ ਨੂੰ ਚੇਤੇ ਕੀਤਾ, ਜਿਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵੱਖ-ਵੱਖ ਜਾਤੀਆਂ ਨਾਲ ਸਬੰਧਤ ‘ਪੰਜ ਪਿਆਰਿਆਂ’ ਨੂੰ ਅੰਮਿ੍ਤ ਛਕਾ ਕੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ | ਖਾਲਸਾ ਪੰਥ ਦੀ ਸਾਜਨਾ ਨੇ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ, ਬਰਾਬਰੀ ਵਾਲੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਾਸਾਰ, ਮਨੁੱਖਤਾ ਲਈ ਪਿਆਰ ਤੇ ਦਇਆ ਰਾਹੀਂ ਵਿਸ਼ਵ ਵਿੱਚ ਆਲਮੀ ਭਾਈਚਾਰੇ ਅਤੇ ਭਾਈਚਾਰਕ ਸਦਭਾਵਨਾ ਦੀ ਨੀਂਹ ਰੱਖੀ |
ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਵਿਸਾਖੀ ਦਾ ਦਿਹਾੜਾ, ਜੋ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਦਾ ਪ੍ਰਤੀਕ ਹੈ, ਸੂਬੇ ਵਿੱਚ ਖੁਸ਼ਹਾਲੀ ਲਿਆਏਗਾ |
ਮੁੱਖ ਮੰਤਰੀ ਨੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦੀ ਇਕ ਵਿਦਵਾਨ, ਕਾਨੂੰਨਦਾਨ, ਆਰਥਿਕ ਮਾਹਿਰ, ਸਮਾਜ ਸੁਧਾਰਕ ਅਤੇ ਨੀਤੀਵਾਨ ਵਜੋਂ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉਪਰ ਚੁੱਕਣ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ |
ਡਾ. ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਮਹਾਨ ਸਮਾਜ ਸੁਧਾਰਕ ਵੱਲੋਂ ਦਿਖਾਏ ਰਾਹ ‘ਤੇ ਤੁਰਨ ਦਾ ਸੱਦਾ ਦਿੱਤਾ | ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਅਤੇ ਨਿਆਂ ਵਾਸਤੇ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਡਾ. ਅੰਬੇਡਕਰ ਦੇ ਨਜ਼ਰੀਏ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ |