ਕਰਤਾਰਪੁਰ, (ਜਲੰਧਰ), 6 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਅਗਾਮੀ ਬਜਟ ਵਿਚ ਯਾਦਗਾਰ ਦੇ ਤੀਜੇ ਪੜਾਅ ਨੂੰ ਮੁਕੰਮਲ ਕਰਨ ਲਈ 25 ਕਰੋੜ ਰੁਪੈ ਦਾ ਉਪਬੰਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਯਾਦਗਾਰ ਦੇ ਪਹਿਲੇ ਪੜਾਅ ਦੇ ਨਿਰਮਾਣ ਲਈ ਬਕਾਇਆ 9.5 ਕਰੋੜ ਰੁਪੈ ਦੀ ਰਾਸ਼ੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਅਜੀਤ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਾਲੀ ਟੀਮ ਨੂੰ ਇਸ ਵਿਲੱਖਣ ਸੰਕਲਪ ਨੂੰ ਮੂਰਤੀਮਾਨ ਕਰਨ ਲਈ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤੀ ਆਜਾਦੀ ਸੰਘਰਸ਼ ਦੇ ਅਡੋਲ ਜ਼ਜ਼ਬੇ ਬਾਰੇ ਪ੍ਰੇਰਿਤ ਕਰਦਾ ਰਹੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਅਤੇ ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ ਦੇ ਦੋ ਮਾਣਮੱਤੇ ਪ੍ਰਾਜੈਕਟ ਸੂਬੇ ਨੂੰ ਦੇਣ ਲਈ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦ੍ਰਿਸ਼ਟੀਕੋਟ ਦੀ ਵੀ ਪ੍ਰਸ਼ੰਸ਼ਾ ਕੀਤੀ।
ਮੁੱਖ ਮੰਤਰੀ ਨੇ ਉੱਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਤੋਂ ਇਲਾਵਾ ਡਾ. ਗਰੇਵਾਲ , ਡਾ. ਜਸਪਾਲ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ, ਡਾ. ਟੁਟੇਜਾ ਤੇ ਡਾ. ਹਰੀਸ਼ ਸ਼ਰਮਾ ‘ਤੇ ਅਧਾਰਿਤ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਇਸ ਯਾਦਗਾਰ ਦੇ ਅਗਲੇ ਪੜਾਅ ਨੂੰ ਮੁਕੰਮਲ ਕਰਨ ਲਈ ਪੂਰੀ ਮਦਦ ਤੇ ਸਹਿਯੋਗ ਦੇਵੇਗੀ ਕਿਉਂ ਜੋ ਇਹ ਯਾਦਗਾਰ ਸਦੀਵੀ ਤੌਰ ‘ਤੇ ਅਜਾਦੀ ਸੰਘਰਸ਼ ਵਿਚ ਸ਼ਹੀਦ ਹੋਏ ਹਜ਼ਾਰਾਂ ਪੰਜਾਬੀਆਂ ਲਈ ਸਤਿਕਾਰ ਤੇ ਪ੍ਰੇਮ ਦਾ ਪ੍ਰਤੀਕ ਬਣੀ ਰਹੇਗੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਯਾਦਗਾਰੀ ਕਮੇਟੀ ਨੂੰ ਸਾਰੇ ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਇਹ ਯਾਦਗਾਰ ਦੇਖਣ ਲਈ ਦਾਖਲਾ ਮੁਫਤ ਕਰਨ ਦੀ ਹਦਾਇਤ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਨੂੰ ਇਸ ਯਾਦਗਾਰ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਉਣ ਲਈ ਟੂਰ ਗਾਇਡ ਵੀ ਤਾਇਨਾਤ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਰਾਸ਼ਟਰ ਲਈ ਨਿਸ਼ਕਾਮ ਸੇਵਾ ਕਰਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬ ਦੇ ਸਾਰੇ ਆਜਾਦੀ ਘੁਲਾਟੀਆਂ ਦੇ ਨਾਮ ਇਸ ਯਾਦਗਾਰ ‘ਤੇ ਉਕਰੇ ਜਾਣ।
ਕੁਝ ਸਾਲ ਪਹਿਲਾਂ ਦੇਸ਼ ਵਿਚ ਸੁਨਾਮੀ ਆਉਣ ਉਪਰੰਤ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੇ ਮੁੜ ਵਸੇਬੇ ਦੇ ਕਾਰਜਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਉੱਥੇ ਸ਼ਹੀਦਾਂ ਦੇ ਨਾਮ ਪੜ੍ਹਕੇ ਭਾਵੁਕ ਹੋ ਉੱਠੇ ਅਤੇ ਇਨ੍ਹਾਂ ਵਿਚ ਹਜ਼ਾਰਾਂÎ ਨਾਮ ਪੰਜਾਬੀਆਂ ਦੇ ਸਨ ਜਿਨ੍ਹਾਂ ਨੇ ਪੋਰਟ ਬਲੇਅਰ ਜੇਲ੍ਹ ਵਿਚ ਲਾਸਾਨੀ ਕੁਰਬਾਨੀਆਂ ਦਿੱਤੀਆਂ।
Îਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦੀ ਚਿਣਗ ਬਾਲੇਗੀ । ਉਨਾਂ ਨੇ ਆਪਣੇ ਨਾਨਾ ਹਰਚਰਨ ਸਿੰਘ ਜੇਜੀ ਦੀ ਪਰਜਾ ਮੰਡਲ ਲਹਿਰ ਦੇ ਮੋਢੀ ਸ. ਸੇਵਾ ਸਿੰਘ ਠੀਕਰੀਵਾਲਾ ਨਾਲ ਨੇੜਤਾ ਨੂੰ ਵੀ ਚੇਤੇ ਕੀਤਾ ਜੋ ਉਨਾਂ ਨੂੰ ਅੱਜ ਤੱਕ ਪ੍ਰੇਰਿਤ ਕਰਦੀ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੁੱੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਇਸ ਯਾਦਗਾਰ ਤੇ ਅਜਿਹੀਆਂ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਸਿੱਖਿਆ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਤਾਂ ਜੋ ਉਨ੍ਹਾਂ ਅੰਦਰ ਦੇਸ਼ ਭਗਤੀ ਦੇ ਜ਼ਜ਼ਬੇ ਨੂੰ ਪੈਦਾ ਕੀਤਾ ਜਾ ਸਕੇ। ਸ਼੍ਰੀ ਜਾਖੜ ਨੇ ਕਿਹਾ ਕਿ ਅਜਾਦੀ ਘੁਲਾਟੀਏ ਨਾਂ ਤਾਂ ਕਿਸੇ ਸਿਆਸੀ ਪਾਰਟੀ ਨਾਲ ਬੱਝੇ ਹਨ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਜਾਤ ਤੇ ਧਰਮ ਦੀਆਂ ਸੰਕੀਰਨ ਵਲਗਣਾਂ ਵਿਚ ਬੰਨਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਸਿਆਸੀ ਪਾਰਟੀਆਂ ਦੇ ਚੁੰਗਲ ਤੋਂ ਬਚਣ ਜੋ ਕਿ ਉਨ੍ਹਾਂ ਨੂੰ ਕੇਵਲ ਵੋਟਰ ਵਜੋਂ ਹੀ ਵਰਤਦੀਆਂ ਹਨ।
ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੰਗ-ਏ-ਅਜਾਦੀ ਯਾਦਗਾਰ ਨਵੀਂ ਪੀੜ੍ਹੀ ਨੂੰ ਆਪਣੇ ਮਾਣਮੱਤੇ ਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਪੁਲ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਇੱਟਾਂ ਤੇ ਕੰਕਰੀਟ ਦੀ ਬਣੀ ਇਮਾਰਤ ਹੀ ਨਹੀਂ ਸਗੋਂ ਇਕ ਵਿਚਾਰਧਾਰਾ ਦਾ ਪ੍ਰਤੀਕ ਹੈ, ਜੋ ਸਾਡੇ ਮਹਾਨ ਸ਼ਹੀਦਾਂ ਤੇ ਆਜਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਰੂਪਮਾਨ ਕਰਦੀ ਹੈ।
ਸ੍ਰੀ ਸਿੱਧੂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਮਦਨ ਮੋਹਨ ਮਾਲਵੀਆ ਤੇ ਰਾਮ ਪ੍ਰਸ਼ਾਦ ਬਿਸਮਲ ਵਰਗੇ ਸੂਰਬੀਰਾਂÎ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਇਸਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਵਿਚ ਸਿੱਖਿਆ ਮੰਤਰੀ ਨੂੰ ਹਦਾਇਤ ਜਾਰੀ ਕਰਨ। ਇਸ ਉੱਦਮ ਨਾਲ ਨੌਜਵਾਨਾਂ ਵਿਚ ਕੌਮੀਅਤ ਅਤੇ ਦੇਸ਼ ਪਿਆਰ ਦੀ ਭਾਵਨਾ ਉਤਪੰਨ ਹੋਵੇਗੀ।
ਇਸ ਤੋਂ ਪਹਿਲਾਂÎ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਇਹ ਯਾਦਗਾਰ ਪੰਜਾਬੀਆਂ ਦੇ 100 ਸਾਲ ਦੇ ਸੰਘਰਸ਼ ਨੂੰ ਮੂਰਤੀਮਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿਚ 6 ਗੈਲਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਬੀ. ਆਈ. ਐਸ. ਚਾਹਲ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਨਵਤੇਜ ਸਿੰਘ ਚੀਮਾ, ਰਜਨੀਸ਼ ਬੱਬੀ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ, ਡਾ. ਰਾਜ ਕੁਮਾਰ ਚੱਬੇਵਾਲ, ਰਜਿੰਦਰ ਬੇਰੀ, ਪਰਗਟ ਸਿੰਘ, ਬਾਵਾ ਹੈਨਰੀ, ਚੌਧਰੀ ਸੁਰਿੰਦਰ ਸਿੰਘ, ਸੁਸ਼ੀਲ ਰਿੰਕੂ, ਸੰਗਤ ਸਿੰਘ ਗਿਲਜਿਆਂ, ਅੰਗਦ ਸਿੰਘ, ਦਰਸ਼ਨ ਲਾਲ ਤੇ ਸੰਤੋਖ ਸਿੰਘ ਭਲਾਈਪੁਰ, ਮਾਰਕਫੈੱਡ ਦੇ ਐਮ.ਡੀ. ਅਮਰਜੀਤ ਸਿੰਘ ਸਮਰਾ, ਸਾਬਕਾ ਮੰਤਰੀ ਅਵਤਾਰ ਹੈਨਰੀ, ਮਹਿੰਦਰ ਸਿੰਘ ਕੇ. ਪੀ, ਜੋਗਿੰਦਰ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਸਾਬਕਾ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ, ਕਾਂਗਰਸ ਦੇ ਜਲੰਧਰ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਕਾਂÎਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਮੁੱਖ ਕਾਰਜਕਾਰੀ ਅਧਿਕਾਰੀ ਜੰਗ-ਏ-ਆਜ਼ਾਦੀ ਫਾਊਡੇਸ਼ਨ ਵਿਨੇ ਬੁਬਲਾਨੀ ਵੀ ਮੌਜੂਦ ਸਨ।