ਚੰਡੀਗੜ, 18 ਅਪ੍ਰੈਲ (ਵਿਸ਼ਵ ਵਾਰਤਾ) :ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਬਠਿੰਡਾ ਵਿਚ ਬਣ ਰਹੇ ਏਮਜ਼ ਪ੍ਰਾਜੈਕਟ ਵੱਲ ਜਾਂਦੀ ਸੜਕ ਬਣਾਉਣ, ਪਾਵਰ ਗਰਿਡ ਸਟੇਸ਼ਨ ਲਗਵਾਉਣ ਅਤੇ ਹੋਰ ਉਸਾਰੀ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਤਾਂ ਕਿ ਇਸ ਵੱਕਾਰੀ ਪ੍ਰਾਜੈਕਟ ਨੂੰ ਮੁਕੰਮਲ ਕਰਨ ਵਿਚ ਹੋਰ ਦੇਰੀ ਨਾ ਹੋਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਡਾ ਪਿਛਲੇ ਮਹੀਨੇ ਇਹ ਸਾਰੇ ਮੁੱਦੇ ਮੁੱਖ ਮੰਤਰੀ ਦੇ ਧਿਆਨ ਵਿਚ ਪਹਿਲਾਂ ਹੀ ਲਿਆ ਚੁੱਕੇ ਹਨ। ਉਹਨਾਂ ਕਿਹਾ ਕਿ ਸੂਬੇ ਨੂੰ ਇਹਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਦਿਆਂ ਸਮਾਂ ਵਿਅਰਥ ਨਹੀਂ ਗੁਆਉਣਾ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹਨਾਂ ਪ੍ਰਾਜੈਕਟਾਂ ਵਿਚ ਹੋਰ ਦੇਰੀ ਹੋਣ ਨਾਲ ਮਾਲਵਾ ਖੇਤਰ ਦੇ ਗਰੀਬ ਮਰੀਜ਼ਾਂ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਾਜੈਕਟ ਵਾਲੀ ਥਾਂ ਤੋਂ ਸੂਇਆਂ/ਖਾਲਾਂ ਨੂੰ ਤਬਦੀਲ ਕਰਨ ਵਾਸਤੇ ਦੇਰੀ ਨਾਲ ਦਿੱਤੀਆਂ ਮਨਜ਼ੂਰੀਆਂ ਕਰਕੇ ਇਹ ਪ੍ਰਾਜੈਕਟ ਪਹਿਲਾਂ ਹੀ ਕਾਫੀ ਪਛੜ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਹੋਰ ਦੇਰੀ ਮਾਲਵਾ ਦੇ ਲੋਕਾਂ ਲਈ ਤਕਲੀਫਦੇਹ ਹੋਵੇਗੀ। ਕੇਂਦਰ ਨੇ ਅਗਲੇ ਸਾਲ ਅਪ੍ਰੈਲ ਤੋਂ ਇੱਥੇ ਡਾਇਗਨੌਸਟਿਕਸ ਅਤੇ ਜੁਲਾਈ 2019 ਵਿਚ ਇੱਥੇ ਮੈਡੀਕਲ ਸੈਸ਼ਨ ਸ਼ੁਰੂ ਕਰਨ ਦਾ ਖਾਕਾ ਉਲੀਕ ਰੱਖਿਆ ਹੈ। ਇਸ ਨੂੰ ਸੰਭਵ ਬਣਾਉਣ ਲਈ ਸੂਬੇ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਜਾ ਚੁੱਕੀ ਹੈ ਕਿ ਸੂਬੇ ਨੂੰ ਨੈਸ਼ਨਲ ਹਾਈਵੇਅ ਤੋਂ ਏਮਜ਼ ਦੇ ਗੇਟ ਤਕ ਜਾਂਦੀ ਸੜਕ ਦੀ ਉਸਾਰੀ ਮੁਕੰਮਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਕੈਂਪਸ ਵਿਚ 66/11 ਕੇਵੀ ਸਬਸਟੇਸ਼ਨ ਸਥਾਪਤ ਕੀਤੇ ਜਾਣ ਦੀ ਲੋੜ ਹੈ। ਇਸ ਤੋਂ ਇਲਾਵਾ ਸੀਵਰੇਜ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਲਾਂਘੇ ਬਣਾਏ ਜਾਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਸ਼ਹਿਰ ਦੀ ਤਰਫੋਂ ਏਮਜ਼ ਤਕ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਵਾਸਤੇ ਰੇਲਵੇ ਲਾਇਨ ਦੇ ਪੁਲ ਉੱਤੇ ਵੀ ਸੜਕ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵੱਲ ਵੱਖਰਾ ਰਸਤਾ ਕੱਢਣ ਲਈ ਇੱਕ ਹੋਰ ਦਰਵਾਜ਼ਾ ਬਣਾਏ ਜਾਣ ਦੀ ਲੋੜ ਹੈ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਾਰੇ ਲੋੜੀਂਦੇ ਸਿਵਲ ਕਾਰਜਾਂ ਨੂੰ ਮੁਕੰਮਲ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦੇਣ ਤਾਂ ਬਠਿੰਡਾ ਵਿਚ ਏਮਜ਼ ਨੂੰ ਸਮੇ ਸਿਰ ਤਿਆਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ 925 ਕਰੋੜ ਰੁਪਏ ਦੀ ਲਾਗਤ ਵਾਲੇ 750 ਬਿਸਤਰਿਆਂ ਦੇ ਹਸਪਤਾਲ ਲਈ ਇੱਕ ਕਾਰਜਕਾਰੀ ਏਜੰਸੀ ਵੀ ਨਿਯੁਕਤ ਕੀਤੀ ਜਾ ਚੁੱਕੀ ਹੈ। ਇਸ ਕਾਰਜਕਾਰੀ ਏਜੰਸੀ ਦੁਆਰਾ ਮਾਸਟਰ ਪਲੈਨ ਅਤੇ ਕੰਨਸੈਪਟ ਪਲੈਨ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ ਅਤੇ ਕੈਂਪਸ ਇਮਾਰਤ ਦੀ ਉਸਾਰੀ ਦਾ ਠੇਕਾ ਅਗਲੇ ਮਹੀਨੇ ਦਿੱਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਜਦੋਂ ਕੇਂਦਰ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਵੀ ਸਾਰੇ ਜਰੂਰੀ ਸਿਵਲ ਕਾਰਜ ਸਮੇਂ ਸਿਰ ਮੁਕੰਮਲ ਕਰਵਾਏ ਤਾਂ ਕਿ ਇਹ ਪ੍ਰਾਜੈਕਟ ਹੋਰ ਨਾ ਪਛੜੇ।
ਲੋਕ ਸਭਾ ਚੋਣਾਂ 2024- ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ
ਲੋਕ ਸਭਾ ਚੋਣਾਂ 2024- ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ)- ਕਾਂਗਰਸ ਨੇ ਅੱਜ...