ਨਵੀਂ ਦਿੱਲੀ, 18 ਸਤੰਬਰ (ਵਿਸ਼ਵ ਵਾਰਤਾ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸੂਬੇ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਜਾਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਮੁੱਖ ਮੰਤਰੀ ਨੇ ਅੱਜ ਸਰਕਾਰੀ ਅੰਕੜੇ ਜਾਰੀ ਕੀਤੇ ਹਨ ਅਤੇ ਭਰੋਸਾ ਦਵਾਇਆ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਛੇਤੀ ਹੀ ਨੋਟੀਫਿਕੇਸ਼ਨ ਰਸਮੀ ਤੌਰ ‘ਤੇ ਲਾਗੂ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਕ ਵੀ ਕਿਸਾਨ ਦੀ ਮੌਤ ਉਨ੍ਹਾਂ ਲਈ ਬਹੁਤ ਜ਼ਿਆਦਾ ਦੁਖਦਾਈ ਅਤੇ ਚਿੰਤਾ ਵਾਲੀ ਹੈ ਪਰ ਫਿਰ ਵੀ ਉਨ੍ਹਾਂ ਦੀ ਸਰਕਾਰ ਇਸ ਗੰਭੀਰ ਮੁੱਦੇ ਉੱਤੇ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਨੰਬਰ ਬਣਾਉਣ ਦੀ ਖੇਡ ਖੇਡਣ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਪਾਰਟੀਆਂ ਨੂੰ ਝੂਠੇ ਅਤੇ ਮਨਘੜਤ ਭੰਡੀ ਪ੍ਰਚਾਰ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਨੋਟੀਫਿਕੇਸ਼ਨ ਅਗਲੇ ਕੁਝ ਹੀ ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ ਜੋ ਕਿ ਇਸ ਸਮੱਸਿਆ ਦੇ ਸਬੰਧ ਵਿਚ ਸਰਕਾਰੀ ਦੀ ਉਦਾਸੀਨਤਾ ਦੇ ਕਾਰਨ ਪਿਛਲੇ ਸਾਲਾਂ ਤੋਂ ਲਗਾਤਾਰ ਵਧਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਕ੍ਰਿਆ ਸਰਕਾਰ ਵੱਲੋਂ ਜਾਰੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਦੇ ਅਨੁਸਾਰ ਕਰਜ਼ਾ ਮੁਆਫੀ ਦੇ ਪਹਿਲੇ ਪੜਾਅ ਵਿਚ ਸ਼ਾਮਲ ਕੀਤੇ ਜਾਣ ਵਾਲੇ ਕਿਸਾਨਾਂ ਨੂੰ ਕਰਜ਼ੇ ਦਾ ਇਕ ਵੀ ਪੈਸਾ ਅਦਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਅਕਾਲੀਆਂ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਇਕ ਵੀ ਕਦਮ ਨਾ ਚੁੱਕਣ ਜਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਕ ਵੀ ਪਹਿਲਕਦਮੀ ਕਰਨ ਵਿੱਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਮਿਲੇ ਗੰਭੀਰ ਆਰਥਕ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ।
Êਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ ਕਰਨ ਅਤੇ ਹੋਰਨਾਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਭੁਗਤਾਨ ਤੋਂ ਛੋਟ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਜੂਨ ਵਿੱਚ ਉਸ ਵੇਲੇ ਯਤਨ ਆਰੰਭੇ ਸਨ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਅਧਾਰਹੀਣ ਅਤੇ ਝੂਠੇ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਬਿਆਨ ਕਿਸਾਨਾਂ ਨੂੰ ਨਿਰਉਤਸ਼ਾਹਤ ਕਰਦੇ ਹਨ ਅਤੇ ਉਨ੍ਹਾਂ ਨੂੰ ਆਤਮ-ਹਤਿਆਵਾਂ ਵੱਲ ਧੱਕਦੇ ਹਨ। ਉਨ੍ਹਾਂ ਵਿਰੋਧੀ ਧਿਰ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਸਰਕਾਰ ਵਿਰੁੱਧ ਝੂਠਾ ਪ੍ਰਚਾਰ ਕਰ ਰਹੀ ਹੈ ਅਤੇ ਉਹ ਅਜਿਹਾ ਕਰਦੇ ਹੋਏ ਇਹ ਵੀ ਆਪਣੇ ਧਿਆਨ ਵਿੱਚ ਨਹੀਂ ਰੱਖਦੀ ਕਿ ਮੁਸੀਬਤਾਂ ਵਿੱਚ ਫਸੇ ਹੋਏ ਕਿਸਾਨਾਂ ਉੱਪਰ ਇਸ ਦਾ ਕੀ ਪ੍ਰਭਾਵ ਪਵੇਗਾ?
ਸਰਕਾਰ ਕੋਲ ਉਪਲਬਧ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਮਾਰਚ 2007 ਤੋਂ ਲੈ ਕੇ ਮਾਰਚ 2017 ਤੱਕ ਕੁੱਲ 997 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿੱਚੋਂ 155 ਖੁਦਕੁਸ਼ੀਆਂ ਜਨਵਰੀ 2015 ਤੋਂ ਦਸੰਬਰ 2015 ਵਿੱਚਕਾਰ ਹੋਈਆਂ ਅਤੇ ਸਾਲ 2016 ਤੋਂ ਬਾਅਦ ਬਾਦਲ ਸਰਕਾਰ ਦੇ ਸ਼ਾਸਨ ਦੌਰਾਨ 225 ਖੁਦਕੁਸ਼ੀਆਂ ਹੋਈਆਂ ਜਿਸ ਤੋਂ ਖੁਦਕੁਸ਼ੀਆਂ ਵਿੱਚ ਵੱਡੇ ਵਾਧੇ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸੰਕਟ ਵਿੱਚ ਘਿਰੇ ਕਿਸਾਨਾਂ ਵੱਲੋਂ ਆਪਣੀ ਹਾਲਤ ਵਿੱਚ ਸੁਧਾਰ ਨਾ ਹੋਣ ਦੀ ਉਮੀਦ ਹੋਣ ਕਾਰਨ ਖੁਦਕੁਸ਼ੀਆਂ ਦੇ ਕਦਮ ਚੁੱਕਣ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਕੜਿਆਂ ਅਨੁਸਾਰ ਸਾਲ 2005-06 ਦੌਰਾਨ ਪ੍ਰਤੀ ਪਰਿਵਾਰ ‘ਤੇ ਤਕਰੀਬਨ 1.79 ਲੱਖ ਰੁਪਏ ਕਰਜ਼ਾ ਸੀ ਜੋ ਸਾਲ 2014-15 ਦੌਰਾਨ ਵਧ ਕੇ 4.74 ਲੱਖ ਰੁਪਏ ਹੋ ਗਿਆ।
ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ-ਸਤੰਬਰ ਦੇ ਸਮੇਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੁਦਕੁਸ਼ੀਆਂ ਦੇ ਮਾਮਲੇ ਅਸਲ ‘ਚ 2017 ਦੌਰਾਨ ਘਟੇ ਹਨ। ਸਾਲ 2016 ਦੇ ਮਾਰਚ-ਸਤੰਬਰ ਦੇ ਸਮੇਂ ਦੌਰਾਨ 153 ਖੁਦਕੁਸ਼ੀਆਂ ਹੋਈਆਂ ਸਨ ਜੋ ਸਾਲ 2017 ਇਸੇ ਸਮੇਂ ਦੌਰਾਨ ਘਟ ਕੇ 131 ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ 250 ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਸਬੰਧੀ ਕੀਤੇ ਗਏ ਦਾਅਵੇ ਨੂੰ ਇਹ ਅੰਕੜੇ ਝੁਠਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਆਂ ਲਈ ਦਿੱਤੇ ਜਾਂਦੇ ਮੁਆਵਜ਼ੇ ਵਿੱਚ ਉਨ੍ਹਾਂ ਦੀ ਸਰਕਾਰ ਨੇ ਵੱਡਾ ਵਾਧਾ ਕੀਤਾ ਹੈ। ਸਾਲ 2014 ਦੌਰਾਨ ਕੁੱਲ ਮੁਆਵਜ਼ਾ 148 ਲੱਖ ਰੁਪਏ, 2015 ਦੌਰਾਨ 389 ਲੱਖ ਰੁਪਏ ਅਤੇ ਸਾਲ 2016 ਦੌਰਾਨ 429 ਲੱਖ ਰੁਪਏ ਦਿੱਤਾ ਗਿਆ ਜਦਕਿ ਸਾਲ 2017 ਦੇ ਰਹਿੰਦੇ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਸਿਰਫ 27 ਲੱਖ ਰੁਪਏ ਮੁਆਵਜ਼ੇ ਦਾ ਭੁਗਤਾਨ ਕੀਤਾ। ਇਸ ਦੇ ਮੁਕਾਬਲੇ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ ਖੁਦਕੁਸ਼ੀਆਂ ਸਬੰਧੀ ਮੁਆਵਜ਼ਾ ਤਿੰਨ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਕੀਤਾ ਸਗੋਂ ਅਪ੍ਰੈਲ ਤੋਂ ਜੂਨ ਤੱਕ ਦੇ 114 ਕੇਸਾਂ ਲਈ 311 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਆਧਾਰਹੀਣ ਗੱਲਾਂ ਦੇ ਰਾਹੀਂ ਫਜ਼ੂਲ ਦੋਸ਼ ਲਾਉਣ ਦੀ ਥਾਂ ਵਿਰੋਧੀ ਧਿਰ ਨੂੰ ਇਨ੍ਹਾਂ ਅੰਕੜਿਆਂ ਤੇ ਤੱਥਾਂ ਨੂੰ ਝੁਠਲਾਉਣ ਦੀ ਚਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਨਾਜ਼ੁਕ ਮੁੱਦੇ ‘ਤੇ ਨੰਗਾ-ਚਿੱਟਾ ਝੂਠ ਬੋਲ ਕੇ ਵਿਰੋਧੀ ਧਿਰ ਕਿਸਾਨਾਂ ਦੀਆਂ ਨਾ ਕੇਵਲ ਭਾਵਨਾਵਾਂ ਸਗੋਂ ਜੀਵਨ ਨਾਲ ਖੇਡ ਰਹੀ ਹੈ ਜਿਨ੍ਹਾਂ ਨੇ ਪਿਛਲੇ ਦਸ ਸਾਲ ਦੇ ਅਕਾਲੀ ਸ਼ਾਸਨ ਦੌਰਾਨ ਪਹਿਲਾਂ ਹੀ ਅਣਕਿਆਸਿਆ ਨੁਕਸਾਨ ਝੱਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਅਨੇਕਾਂ ਕਦਮ ਚੁੱਕੇ ਹਨ। ਕਿਸਾਨਾਂ ਨੂੰ ਆਪਣੀ ਫਸਲ ਦਾ ਲਾਹੇਵੰਦ ਘਟੋ-ਘਟ ਸਮਰਥਨ ਮੁੱਲ ਨਾ ਮਿਲਣ ਕਾਰਨ ਇਹ ਬੋਝ ਵਧੀਆ ਹੈ। ਝੋਨੇ ਅਤੇ ਕਣਕ ‘ਤੇ ਖਰਚਾ ਬਹੁਤ ਵਧ ਗਿਆ ਹੈ ਜਿਸ ਦੇ ਕਾਰਨ ਫਸਲੀ ਉਤਪਾਦ ਵਿੱਚ ਖੜੋਤ ਆ ਗਈ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਸੂਬੇ ਦੀ ਖੇਤੀਬਾੜੀ ਨੀਤੀ ਨੂੰ ਨਵਾਂ ਰੂਪ ਦੇਣ ਲਈ ਕਾਰਜ ਕਰ ਰਹੀ ਹੈ। ਸਰਕਾਰ ਵੱਲੋਂ ਇਸ ਵੇਲੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ।
ਡਾ. ਸੁਖਵਿੰਦਰ ਸੁੱਖੀ ਨੇ PUNJAB ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ
ਡਾ. ਸੁਖਵਿੰਦਰ ਸੁੱਖੀ ਨੇ PUNJAB ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ •ਖੇਤੀਬਾੜੀ ਮੰਤਰੀ ਗੁਰਮੀਤ ਸਿੰਘ...