ਮੁੜ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁਕਤਸਰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਹੁਣ ਲਾਰੈਂਸ ਨੂੰ 13 ਦਸੰਬਰ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਮੁਕਤਸਰ ਪੁਲਿਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ ਸਬੰਧੀ ਪੁੱਛਗਿੱਛ ਕਰਨ ਲਈ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ 22 ਮਾਰਚ 2021 ਨੂੰ ਮੁਕਤਸਰ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਿਸੇ ਵਿਅਕਤੀ ਵੱਲੋਂ ਉਸ ਨੂੰ ਲਗਾਤਾਰ 3 ਨੰਬਰਾਂ ਤੋਂ ਫੋਨ ਕਰਕੇ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜੇਕਰ ਉਨ੍ਹਾਂ ਨੇ ਮੰਗ ਪੂਰੀ ਨਾ ਕੀਤੀ ਤਾਂ ਉਹ ਉਸ ਦੇ ਬੇਟੇੇ ਨੂੰ ਮਾਰ ਦੇਣਗੇ। ਇਸ ਸਬੰਧੀ ਪੁਲਿਸ ਨੇ ਉਸ ਸਮੇਂ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 387, 506 ਤਹਿਤ ਥਾਣਾ ਸਿਟੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਹੀ ਸੀ। ਪਿਛਲੇ ਦਿਨੀਂ ਐਨਆਈਏ ਵੱਲੋਂ ਉਸਨੂੰ ਅੱਤਵਾਦੀ-ਗੈਂਗਸਟਰ ਨੈਕਸਸ ਦੇ ਸੰਬੰਧ ਵਿੱਚ ਰਿਮਾਂਡ ਤੇ ਲਿਆ ਗਿਆ ਸੀ।