ਮੁਹੱਲਾ ਟਿੱਬਾ ਸਾਹਿਬ ਦੇ ਲੋਕਾਂ ਨੂੰ ਮਿਲ ਰਹੀ ਹੈ ਬਿਨਾਂ ਕਸੂਰ ਤੋਂ ਸਜ਼ਾ
• ਪਿਛਲੇ ਤਿੰਨ ਮਹੀਨਿਆਂ ਤੋਂ ਮੁੱਖ ਦਾਖਲਾ ਮਾਰਗ ਬੰਦ

ਹੁਸ਼ਿਆਰਪੁਰ,13 ਫਰਵਰੀ ( ਵਿਸ਼ਵ ਵਾਰਤਾ )-ਵਾਰਡ ਨੰਬਰ 23 ਅਧੀਨ ਆਉਂਦੇ ਮੁਹੱਲਾ ਟਿੱਬਾ ਸਾਹਿਬ ਦੇ ਵਾਸੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਕਸੂਰ ਤੋਂ ਹੁਕਮਰਾਨਾਂ ਵੱਲੋਂ ਸਖ਼ਤ ਸਜ਼ਾ ਦਿੱਤੀ ਜਾ ਰਹੀ ਹੈ।ਕਿਉਂਕਿ ਪਿਛਲੇ ਪੰਜ ਸਾਲ ਅਕਾਲੀ ਕੌਂਸਲਰ ਮੁਹੱਲੇ ਵਿੱਚ ਰਹਿੰਦਾ ਹੋਣ ਦੇ ਬਾਵਜੂਦ ਵੀ ਇਹ ਵਾਰਡ ਬਿਲਕੁਲ ਲਾਵਾਰਿਸ ਰਿਹਾ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਸੀ। ਵੋਟਾਂ ਦੇ ਲਾਲਚ ਵਿੱਚ ਮੌਕੇ ਦੀ ਸਰਕਾਰ ਵੱਲੋਂ ਤਿਕੜਮਬਾਜ਼ੀ ਕਰਕੇ ਵਿਕਾਸ ਕਾਰਜ ਆਰੰਭ ਕਰਵਾ ਦਿੱਤੇ ਗਏ ਪ੍ਰੰਤੂ ਅਖੀਰ ਵਿਚ ਆ ਕੇ ਮੁਹੱਲਾ ਟਿੱਬਾ ਸਾਹਿਬ ਦੇ ਮੁੱਖ ਦਾਖਲਾ ਮਾਰਗ ਵਿਚ ਪਿਛਲੇ ਕਈ ਮਹੀਨਿਆਂ ਤੋਂ ਡੂੰਘਾ ਟੋਆ ਪੁੱਟ ਦਿੱਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੁਹੱਲੇ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੁੱਖ ਦਾਖਲਾ ਦਾ ਲਾਂਘਾ ਬੰਦ ਕੀਤਾ ਹੋਇਆ ਹੈ।ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਬਾਹਰ ਅੰਦਰ ਜਾਣ ਲਈ ਘੁੰਮ ਕੇ ਜਾਣਾ ਪੈਂਦਾ ਹੈ ਜਿੱਥੋਂ ਦੀ ਆਰਜ਼ੀ ਤੌਰ ਤੇ ਰਸਤਾ ਬਣਾਇਆ ਗਿਆ ਹੈ ਇੱਥੇ ਸੀਵਰੇਜ ਦੀ ਲੀਕੇਜ ਕਾਰਨ ਸੜਕ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਤੇ ਭਾਰੀ ਸਵਾਲ ਉਠਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋੰ ਲੋਕਾਂ ਨੂੰ ਦਰਪੇਸ਼ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਇਸ ਦੇ ਉਲਟ ਸੰਬੰਧਿਤ ਵਿਭਾਗ ਵੱਲੋਂ ਨਿੱਤ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ।ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਸਗੋਂ ਨਿੱਤ ਦਿਨ ਵਧ ਰਹੀਆਂ ਹਨ,ਜੋ ਕਿ ਲੋਕਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ।ਮੁੱਹਲਾ ਵਸਨੀਕਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਉਚੇਚਾ ਧਿਆਨ ਦੇ ਕੇ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਬੰਧਤ ਵਿਭਾਗ ਨੂੰ ਨਿਰਦੇਸ਼ ਦੇਣ।






















