ਮੁਹੰਮਦ ਫੁਰਕਾਨ ਖਾਨ ਐਨ.ਜੈਡ.ਸੀ.ਸੀ. ਦੇ ਡਾਇਰੈਕਟਰ ਵਜੋਂ ਨਿਯੁਕਤ
ਚੰਡੀਗੜ੍ਹ, 13 ਜੂਨ(ਵਿਸ਼ਵ ਵਾਰਤਾ)-: ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਵੱਲੋਂ ਅੱਜ ਸ੍ਰੀ ਮੁਹੰਮਦ ਫੁਰਕਾਨ ਖਾਨ ਨੂੰ ਉੱਤਰੀ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੇ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀ ਪੱਤਰ ਸੌਂਪਦੇ ਹੋਏ ਸ੍ਰੀ ਪੁਰੋਹਿਤ, ਜੋ ਕਿ ਐਨ.ਜੈਡ.ਸੀ.ਸੀ. ਦੇ ਚੇਅਰਮੈਨ ਵੀ ਹਨ, ਨੇ ਫੁਰਕਾਨ ਖਾਨ ਨੂੰ ਲੋਕਾਂ ਦੀ ਸੱਭਿਆਚਾਰਕ ਵਿਰਾਸਤ ਬਾਰੇ ਉਹਨਾਂ ਦੀ ਚੇਤਨਾ ਨੂੰ ਅਪਗ੍ਰੇਡ ਕਰਨ ਲਈ ਸੁਹਿਰਦ ਯਤਨ ਕਰਨ ਵਾਸਤੇ ਕਿਹਾ।
ਉਨ੍ਹਾਂ ਨੇ ਸ੍ਰੀ ਖਾਨ ਨੂੰ ਅਜਿਹੇ ਪ੍ਰੋਗਰਾਮ ਤਿਆਰ ਕਰਨ ਲਈ ਕਿਹਾ ਜੋ ਭਾਰਤ ਦੇ ਸੱਭਿਆਚਾਰਕ ਵਿਰਸੇ ਨਾਲ ਸਬੰਧਤ ਮਾਮਲਿਆਂ ‘ਤੇ ਰਚਨਾਤਮਕ ਸੱਭਿਆਚਾਰਕ ਸੰਚਾਰ ਰਾਹੀਂ ਜ਼ੋਨ ਦੇ ਨੌਜਵਾਨਾਂ ਨੂੰ ਆਪਸ ਵਿੱਚ ਅਤੇ ਬਾਕੀ ਦੇਸ਼ ਦੇ ਨੌਜਵਾਨਾਂ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਣ। ਉਨ੍ਹਾਂ ਨੇ ਸ੍ਰੀ ਖਾਨ ਨੂੰ ਜ਼ੋਨ ਦੀਆਂ ਕਲਾਵਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਕੰਮ ਕਰਨ ਵਾਸਤੇ ਵੀ ਕਿਹਾ।
ਜ਼ਿਕਰਯੋਗ ਹੈ ਕਿ ਇਹ ਨਿਯੁਕਤੀ ਤਿੰਨ ਸਾਲਾਂ ਦੀ ਮਿਆਦ ਵਾਸਤੇ ਹੋਵੇਗੀ।
ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਦੇਸ਼ ਵਿੱਚ ਸਥਾਪਤ ਅੱਠ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ ਜੋ ਭਾਰਤੀ ਸੱਭਿਆਚਾਰ ਦੀਆਂ ਪ੍ਰਾਚੀਨ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ ਰਾਸ਼ਟਰੀ ਸੰਸਕ੍ਰਿਤੀ ਦੇ ਵਿਕਾਸ ਲਈ ਹੈ। ਕੇਂਦਰ ਵਿੱਚ ਜੰਮੂ ਅਤੇ ਕਸ਼ਮੀਰ, (ਕੇਂਦਰ ਸ਼ਾਸਿਤ ਪ੍ਰਦੇਸ਼) ਲੱਦਾਖ, ਪੰਜਾਬ, ਹਿਮਾਚਲ ਪ੍ਰਦੇਸ਼, (ਕੇਂਦਰ ਸ਼ਾਸਿਤ ਪ੍ਰਦੇਸ਼) ਚੰਡੀਗੜ੍ਹ, ਉੱਤਰਾਖੰਡ, ਹਰਿਆਣਾ ਅਤੇ ਰਾਜਸਥਾਨ ਦੇ ਖੇਤਰ ਸ਼ਾਮਲ ਹਨ।























