ਮੁਸਲਿਮ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਪੰਜਾਬੀ ਗਾਇਕ ਐਮੀ ਵਿਰਕ ਤੇ ਗੀਤਕਾਰ ਜਾਨੀ ਨੇ ਮੰਗੀ ਮਾਫੀ
ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨਾਲ ਕੀਤੀ ਮੁਲਾਕਾਤ
ਪੜ੍ਹੋ, ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ, 6ਸਤੰਬਰ(ਵਿਸ਼ਵ ਵਾਰਤਾ)-ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ਵਿੱਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਲੇਖਕ ਜਾਨੀ ਨੇ ਮੁਆਫੀ ਮੰਗੀ ਹੈ। ਐਮੀ ਵਿਰਕ ਅਤੇ ਲੇਖਕ ਜਾਨੀ ਓਦੋਂ ਵਿਵਾਦ ‘ਚ ਘਿਰ ਗਏ ਸਨ ਜਦੋਂ, ਫਿਲਮ ਸੁਫਨਾ ਦੇ ਗੀਤ ‘ਕੁਬੂਲ ਹੈ’ ਵਿੱਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਜਸਨੂਰ ਨਾਂ ਦੀ ਲੜਕੀ ਨੇ ਪਹਿਲੀ ਵਾਰ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਇਸ ਬਾਰੇ ਗੱਲ ਕੀਤੀ।
ਜਿਸ ਤੋਂ ਬਾਅਦ ਨਾਇਬ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਮਾ ਮਸਜਿਦ ਲੁਧਿਆਣਾ ਤੋਂ ਐਲਾਨ ਕੀਤਾ ਗਿਆ ਸੀ, ਕਿ ਐਮੀ ਵਿਰਕ ਅਤੇ ਜਾਨੀ ਆਪਣੀ ਗਲਤੀ ਸੁਧਾਰਨ, ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਮਾਲੇਰਕੋਟਲਾ, ਪਟਿਆਲਾ ਅਤੇ ਜਲੰਧਰ ‘ਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ। ਇਸੀ ਦੌਰਾਨ ਇਹ ਮਾਮਲਾ ਅੱਜ ਉਸ ਵਕਤ ਖ਼ਤਮ ਹੋ ਗਿਆ ਜਦੋਂ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਅਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸਪੱਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ‘ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ‘ਚ ਹੋ ਗਿਆ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ, ਜਾਨੀ ਨੇ ਕਿਹਾ ਕਿ ਅਸੀਂ ਅੱਲਾਹ ਤਾਆਲਾ ਅਤੇ ਰਸੂਲ-ਏ-ਖੁਦਾ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀ ਵਸਲਮ ਦਾ ਦਿਲ ਤੋਂ ਸਤਿਕਾਰ ਕਰਦੇ ਹਾਂ ਅਤੇ ਸਾਰੇ ਧਰਮ ਸਾਡੇ ਲਈ ਸਤਿਕਾਰ ਯੋਗ ਹਨ।
ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ, ਮਾਫ ਕਰਨ ਵਾਲੀ ਜਾਤ ਰੱਬ ਦੀ ਹੈ, ਬੇਸ਼ਕ ਅੱਲਾਹ ਤਾਆਲਾ ਅਤੇ ਪਿਆਰੇ ਰਸੂਲ ਹਜਰਤ ਮੁਹੰਮਦ ਸਾਹਿਬ ਮਾਫੀ ਨੂੰ ਪਸੰਦ ਕਰਦੇ ਹਨ, ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਸ਼ਰੀਅਤ ਅਤੇ ਸਮਾਜਿਕ ਤੌਰ ਤੇ ਇਨਾਂ ਦੋਹਾਂ ਨੇ ਆਪਣੀ ਗਲਤੀ ਮੰਨਦੇ ਹੋਇਆ ਭਵਿੱਖ ‘ਚ ਇਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ, ਇਸ ਲਈ ਹੁਣ ਇਸ ਮਾਮਲੇ ਨੂੰ ਖ਼ਤਮ ਸਮਝਿਆ ਜਾਵੇ।
ਇਸ ਤੋਂ ਬਾਦ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਨੇਕਤਾ ’ਚ ਏਕਤਾ ਸਾਡੀ ਸ਼ਾਨ ਹੈ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਹਮੇਸ਼ਾ ਹੀ ਇਕ ਦੂਸਰੇ ਦੇ ਧਰਮ ਅਤੇ ਆਤਮ ਸਨਮਾਨ ਦਾ ਖਿਆਲ ਰੱਖੀਏ।
ਇਸ ਮੌਕੇ ਤੇ ਪਿੰਕੀ ਧਾਲੀਵਾਲ, ਸ਼ਾਹਨਵਾਜ ਖਾਨ ਅਹਿਰਾਰ, ਅਜਾਦ ਅਲੀ ਅਹਰਾਰ ਮੌਜੂਦ ਸਨ।






















