
ਨਿਹਾਲਸਿੰਘਵਾਲਾ 17 ਨਵੰਬਰ( ਵਿਸ਼ਵ ਵਾਰਤਾ ) ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਹੋਏ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਵਾਲੇ ਮੁਲਕ ਪੱਧਰੇ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਵਿੱਚ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਅੱਜ ਇਥੋਂ ਥੋੜ੍ਹੀ ਦੂਰ ਪਿੰਡ ਹਿੰਮਤਪੁਰਾ ਵਿੱਚ ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਵਧਵੀਂ ਸਿੱਖਿਆ ਮੀਟਿੰਗ ਵੱਲੋਂ ਕੀਤਾ ਗਿਆ ਜਿਸ ਵਿੱਚ ਪਿੰਡ ਪੱਧਰ ਤੱਕ ਦੇ ਪ੍ਰਧਾਨਾਂ ਸਕੱਤਰਾਂ ਸਮੇਤ ਬਲਾਕ/ਜ਼ਿਲ੍ਹਾ ਪੱਧਰੇ ਆਗੂ ਸੈਂਕੜੇ ਔਰਤਾਂ ਸਮੇਤ ਦੋ ਹਜ਼ਾਰ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਪਸ਼ਟ ਕੀਤਾ ਕਿ ਕਿਸਾਨ ਮੋਰਚਿਆਂ ਬਾਰੇ ਕਾਰਪੋਰੇਟ ਪੱਖੀ ਗੋਦੀ ਮੀਡੀਆ ਦੇ ਭੁਲੇਖਾ ਪਾਊ ਪ੍ਰਚਾਰ ਦੀ ਅਤੇ ਭਾਜਪਾ ਮੋਦੀ ਗੱਠਜੋੜ ਦੁਆਰਾ ਮਾਰੀਆਂ ਜਾ ਰਹੀਆਂ ਫੋਕੀਆਂ ਬੜ੍ਹਕਾਂ ਦੀ ਦਿੱਲੀ ਬਾਰਡਰਾਂ ‘ਤੇ ਹੋਣ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਲਾਮਿਸਾਲ ਇਕੱਠ ਫੂਕ ਕੱਢ ਕੇ ਰੱਖ ਦੇਣਗੇ। ਇਨ੍ਹਾਂ ਇਕੱਠਾਂ ਦਾ ਵੱਡਾ ਹਿੱਸਾ ਉੱਥੇ ਹਫ਼ਤਾ ਭਰ ਡਟੇਗਾ ਅਤੇ 29 ਨਵੰਬਰ ਤੋਂ ਸੰਸਦ ਭਵਨ ਵੱਲ ਰੋਜ਼ਾਨਾ ਜਾਣ ਵਾਲੇ 500 ਕਿਸਾਨਾਂ ਦੇ ਜੱਥਿਆਂ ਵਿੱਚ ਬਾਕਾਇਦਾ ਡਟਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਫ਼ੈਸਲੇ ਮੁਤਾਬਕ 24 ਅਤੇ 25 ਨਵੰਬਰ ਨੂੰ ਬੱਸਾਂ ਟਰੱਕਾਂ ਤੇ ਹੋਰ ਵਹੀਕਲਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋਣਗੇ। ਇਹ ਵੀ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਹਰਿਆਣੇ ਦੇ ਕਾਫ਼ਲੇ ਇਕੱਠੇ ਕਰਕੇ ਤੋਰੇ ਜਾਣ। ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਔਰਤਾਂ ਨੂੰ ਚੰਡੀ ਦਾ ਰੂਪ ਧਾਰ ਕੇ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਦਾ ਤਾਂਤਾ ਬੰਨ੍ਹਣ ਅਤੇ ਕਾਫ਼ਲੇ ਬਣਾ ਕੇ ਘਰ ਘਰ ਸੰਦੇਸ਼ ਪਹੁੰਚਾਉਣ ਦਾ ਸੱਦਾ ਦਿੱਤਾ। ਸ੍ਰੀ ਭੁਟਾਲ ਨੇ ਜਾਣਕਾਰੀ ਦਿੱਤੀ ਕਿ ਅੱਜ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਨਰਮੇ ਤੇ ਹੋਰ ਫ਼ਸਲਾਂ ਦੀ ਹੋਈ ਭਾਰੀ ਤਬਾਹੀ ਦੇ ਮੁਆਵਜ਼ੇ ਦੀ ਉੱਪਰਲੀ ਹੱਦ 12000 ਤੋਂ ਵਧਾ ਕੇ 17000 ਰੁਪਏ ਪ੍ਰਤੀ ਏਕੜ ਕਰ ਦਿੱਤੀ। ਇਸੇ ਅਨੁਪਾਤ ਵਿੱਚ ਖੇਤ ਮਜ਼ਦੂਰਾਂ ਦੀ ਮੁਆਵਜ਼ਾ ਰਾਸ਼ੀ ਵੀ ਵਧਾਈ ਜਾਵੇਗੀ। ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲਏ ਜਾਣਗੇ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ ਅਤੇ ਇਸ ਮੌਕੇ ਸੂਬਾ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ ਵੀ ਹਾਜ਼ਰ ਸਨ।






















