– ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਕੀਤੀ ਸ਼ੁਰੂਆਤ
– 5 ਕਿਲੋਮੀਟਰ ਦਾ ਕੁਦਰਤੀ ਟ੍ਰੈਕ ਦੇਵੇਗਾ ਸੈਰ ਕਰਨ ਵਾਲਿਆਂ ਨੂੰ ਤਰੋ-ਤਾਜ਼ਾ ਆਬੋ-ਹਵਾ
ਬਲਾਚੌਰ, 29 ਜੂਨ (ਵਿਸ਼ਵ ਵਾਰਤਾ) – ਮਿਸ਼ਨ ਤੰਦਰੁਸਤ ਪੰਜਾਬ ਸਾਫ਼ ਹਵਾ, ਸ਼ੁੱਧ ਪਾਣੀ, ਮਿਲਾਵਟ ਰਹਿਤ ਭੋਜਨ ਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇਣ ਦੇ ਮੰਤਵ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭਿਆ ਗਿਆ ਹੈ ਜਿਸ ਤਹਿਤ ਬਲਾਚੌਰ ਹਲਕੇ ਵਿੱਚ ਬੱਲੋਵਾਲ-ਸੌਂਖੜੀ ਦੇ ਹਰਬਲ ਗਾਰਡਨ ਵਿਖੇ 5 ਕਿਲੋਮੀਟਰ ਦੀ ‘ਨੇਚਰ ਟ੍ਰੇਲ’ ਵਿਕਸਿਤ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਅੱਜ ਇਸ ਨੇਚਰ ਟ੍ਰੇਲ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਤਿ੍ਰਵੈਣੀ ਲਾ ਕੇ ਇਸ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਨੇਚਰ ਟ੍ਰੇਲ ਮਨਰੇਗਾ ਤਹਿਤ ਬਣਾਈ ਜਾ ਰਹੀ ਹੈ ਜਿਸ ’ਤੇ 15 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਆਏਗੀ।
ਉਨ੍ਹਾਂ ਇਸ ਮੌਕੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਬੋ-ਹਵਾ ਵਿੱਚ ਸੁਧਾਰ ਲਈ ਘਰ-ਘਰ ਹਰਿਆਲੀ ਮੁਹਿੰਮ ਵੀ ਆਰੰਭੀ ਹੈ। ਇਸ ਮੁਹਿੰਮ ਅਧੀਨ ਕੋਈ ਵੀ ਵਿਅਕਤੀ ਆਪਣੇ ਮੋਬਾਇਲ ’ਤੇ ਆਈ. ਹਰਿਆਲੀ ਐਪ ਡਾਊਨਲੋਡ ਕਰਕੇ ਆਨਲਾਈਨ ਬੂਟਿਆਂ ਦੀ ਬੁਕਿੰਗ ਕਰਵਾ ਸਕਦਾ ਹੈ ਅਤੇ ਨੇੜਲੀ ਨਰਸਰੀ ’ਚੋਂ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਢਾਈ ਲੱਖ ਬੂਟੇ ਮੁਫ਼ਤ ਦਿੱਤੇ ਜਾਣਗੇ ਅਤੇ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 25 ਬੂਟੇ ਮਿਲਣ ਸਕਦੇ ਹਨ। ਵਿਧਾਇਕ ਮੰਗੂਪੁਰ ਵੱਲੋਂ ਇਸ ਮੌਕੇ 500 ਬੂਟਿਆਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਮੌਜੂਦ ਰੇਂਜ ਅਫ਼ਸਰ ਕਾਠਗੜ੍ਹ ਰਘਬੀਰ ਸਿੰਘ ਨੇ ਦੱਸਿਆ ਇਸ ਨੇਚਰ ਟ੍ਰੇਲ ਨੂੰ 40 ਏਕੜ ਰਕਬੇ ਵਿੱਚ ਸਥਿਤ ਹਰਬਲ ਗਾਰਡਨ ਵਿੱਚ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸੈਰ ਕਰਨ ਵਾਲਿਆਂ ਨੂੰ 5 ਕਿਲੋਮੀਟਰ ਦੇ ਇਸ ਲੰਬੇ ਟ੍ਰੈਕ ’ਤੇ ਸੈਰ ਕਰਨ ਵਿੱਚ ਇਸ ਤਰ੍ਹਾਂ ਦਾ ਆਨੰਦ ਆਵੇਗਾ ਜਿਵੇਂ ਉਹ ਕੁਦਰਤੀ ਜੰਗਲ ਵਿੱਚ ਘੁੰਮ ਰਹੇ ਹੋਣ।
ਇਸ ਮੌਕੇ ਪ੍ਰੇਮ ਚੰਦ ਸਰਪੰਚ, ਸ਼ਿਵ ਰਾਮ ਸਰਪੰਚ ਪੱਤੀ ਸੌਂਖੜੀ, ਹਰਭਜਨ ਲਾਲ ਸਰਪੰਚ ਟਕਾਰਲਾ, ਹੈਪੀ ਸਰਪੰਚ ਬੱਲੋਵਾਲ, ਜੈ ਚੰਦ ਪ੍ਰਧਾਨ ਬੱਲੋਵਾਲ, ਜਸਵੰਤ ਰਾਏ ਸਕੱਤਰ ਪ੍ਰੋਟੈਕਸ਼ਨ ਕਮੇਟੀ, ਮਨੋਜ ਕੁਮਾਰ ਬਲਾਕ ਅਫ਼ਸਰ, ਅਨੁਰਾਗ ਸ਼ਰਮਾ, ਹਰਮਨਦੀਪ ਸਿੰਘ ਤੇ ਗੁਰਮੋਹਨ ਸਿੰਘ ਮੌਜੂਦ ਸਨ।
ਫ਼ੋਟੋ ਕੈਪਸ਼ਨ: ਬੱਲੋਵਾਲ-ਸੌਂਖੜੀ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੇਚਰ ਟ੍ਰੇਲ ਦੀ ਤਿ੍ਰਵੈਣੀ ਲਾ ਕੇ ਸ਼ੁਰੂਆਤ ਕਰਵਾਉਂਦੇ ਹੋਏ ਐਮ.ਐਲ.ਏ. ਚੌ. ਦਰਸ਼ਨ ਲਾਲ ਮੰਗੂਪੁਰ।