– ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਆ
– ਨਰੋਏ ਸਮਾਜ ਦੀ ਸਿਰਜਣਾ ਲਈ ਸਾਫ-ਸੁਥਰਾ ਵਾਤਾਵਰਨ ਲਾਜ਼ਮੀ
ਐਸ.ਏ.ਐਸ ਨਗਰ, 22 ਜੂਨ (ਵਿਸ਼ਵ ਵਾਰਤਾ) – ਨਰੋਏ ਸਮਾਜ ਦੀ ਸਿਰਜਣਾ ਲਈ ਸਾਫ-ਸੁਥਰਾ ਵਾਤਾਵਰਨ ਲਾਜ਼ਮੀ ਹੈ, ਜਿਸ ਵਾਸਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਮੋਹਾਲੀ ਡਾ.ਆਰ.ਪੀ. ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਆਲੇ ਦੁਆਲੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੂਟੇ ਲਾਉਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜੰਗਲਾਤ ਵਿਭਾਗ ਵੱਲੋਂ ਬੂਟੇ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦਾ ਲਾਹਾ ਲੈਂਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਅੱਜ ਦੀ ਪੀੜ੍ਹੀ ਵੱਲੋਂ ਲਾਏ ਗਏ ਬੂਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਆਲੇ-ਦੁਆਲੇ ਬੂਟੇ ਲਾਏ ਗਏ ਹਨ ਅਤੇ ਇਥੇ ਆਪਣੇ ਕੰਮ-ਕਾਜ ਲਈ ਆਉਂਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਆ ਗਿਆ ਹੈ।
ਡਾ.ਆਰ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ ਤੇ ਨੌਜਵਾਨਾਂ ਨੂੰ ਇਸ ਨੇਕ ਕਾਰਜ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਕਾਮਯਾਬੀ ਲਈ ਜੰਗਲਾਤ ਵਿਭਾਗ ਵੱਲੋਂ ਆਈ ਹਰਿਆਲੀ ਐਪ ਸ਼ੁਰੂ ਕੀਤੀ ਗਈ ਹੈ, ਜਿਸ ਜ਼ਰੀਏ ਮੋਬਾਇਲ ਰਾਹੀਂ ਹੀ ਬੂਟੇ ਬੁੱਕ ਕੀਤੇ ਜਾ ਸਕਦੇ ਹਨ ਤੇ ਨੌਜਵਾਨਾਂ ਨੂੰ ਖਾਸ ਕਰਕੇ ਇਸ ਐਪ ਦਾ ਲਾਹਾ ਲੈਣਾ ਚਾਹੀਦਾ ਹੈ।
ਫੋਟੋ ਕੈਪਸ਼ਨ: ਮੋਹਾਲੀ ਦੇ ਐਸ.ਡੀ.ਐਮ ਡਾ. ਆਰ. ਪੀ. ਸਿੰਘ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਐਸ.ਏ.ਐਸ ਨਗਰ ਦੇ ਆਲੇ ਦੁਆਲੇ ਬੂਟੇ ਲਾਉਂਦੇ ਹੋਏ।