ਸ਼ਨੀਵਾਰ ਨੂੰ ਵੀ ਕਰਨਗੇ ਦਫਤਰੀ ਕੰਮ
ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ) : ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪੰਜਾਬ ਭਰ ਵਿਚ ਮਾਲ ਅਧਿਕਾਰੀਆਂ ਵੱਲੋਂ ਕੀਤੀ ਗਈ ਹੜਤਾਲ ਖਤਮ ਕਰ ਦਿੱਤੀ ਗਈ ਹੈ। ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਬੱਸੀ ਪਠਾਣਾਂ ਦੇ ਤਹਿਸੀਲਦਾਰ ਦੀ ਕਿਸੇ ਸੀਨੀਅਰ ਅਧਿਕਾਰੀ ਤੋਂ ਨਿਰਪੱਖ ਪੜਤਾਲ ਕਰਾਉਣ ਦੀ ਮੰਗ ਕਰ ਰਹੇ ਸਨ।
ਇਸ ਬਾਬਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ 28 ਮਈ ਤੋਂ 1 ਜੂਨ ਤੱਕ ਮਾਲ ਅਧਿਕਾਰੀਆਂ ਦੀ ਹੜਤਾਲ ਦੌਰਾਨ ਮਾਲ ਅਤੇ ਰਜਿਸਟਰੀਆਂ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਹੋ ਸਕਿਆ, ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆਈਆਂ।
ਬੁਲਾਰੇ ਅਨੁਸਾਰ ਮਾਲ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਹੜਤਾਲ ਦੇ ਦਿਨਾਂ ਦੌਰਾਨ ਇਕੱਠੇ ਹੋਏ ਕੰਮ ਨੂੰ ਨਿਪਟਾਉਣ ਲਈ ਅਤੇ ਆਮ ਲੋਕਾਂ ਦੀ ਸਹੂਲਤ ਲਈ ਸ਼ਨੀਵਾਰ (2 ਜੂਨ) ਨੂੰ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲ ਅਧਿਕਾਰੀਆਂ ਵੱਲੋਂ ਆਉਣ ਵਾਲੇ ਕੰਮਕਾਰ ਦੇ ਦਿਨਾਂ ਦੌਰਾਨ ਵੀ ਵਾਧੂ ਸਮਾਂ ਦਫਤਰਾਂ ਵਿਚ ਲਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਾ ਆਵੇ।