ਨਰਮੇ ਦੀ ਫੁੱਲ ਬੂਕੀ ਤੇ ਅਗਤੇ ਝੋਨੇ ਦਾ ਬੂਰ ਝੜਨ ਦਾ ਡਰ
ਮਾਨਸਾ, 21 ਅਗਸਤ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਲੱਗੀ ਮੀਂਹ ਦੀ ਝੜੀ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸ ਰਹੇ ਹਨ,ਪਰ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਇਸ ਮੀਂਹ ਤੋਂ ਝੌਰਾ ਪੈਦਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਨਰਮੇ ਦੀ ਫੁੱਲ ਬੂਕੀ ਡੇਗ ਦਿੱਤੀ ਹੈ। ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋਕੇ ਡਿੱਗਣ ਲੱਗੇ ਹਨ।
ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫਸਲ ਬੇਹੱਦ ਵਧੀਆ ਸੀ ਅਤੇ ਹੁਣ ਪਏ ਇਸ ਮੀਂਹ ਨੇ ਕਿਸਾਨਾਂ ਵਿਚ ਘਬਰਾਹਟ ਖੜ੍ਹੀ ਕਰ ਦਿੱਤੀ ਹੈ। ਹੋਰ ਮੀਂਹ ਆਉਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ,ਕਿਉਂਕਿ ਲਗਾਤਾਰ ਮੀਂਹ ਪੈਣ ਨਾਲ ਨਰਮੇ ਦੀ ਫੁੱਲ-ਬੁੱਕੀ ਕਿਰ ਜਾਂਦੀ ਹੈ।
ਬੇਸ਼ੱਕ ਖੇਤੀਬਾੜੀ ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਖਣੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਏ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨਾ ਹੈ, ਉਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਈ ਸਿੱਧ ਹੋਵੇਗਾ।
ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ.ਮਨੋਜ਼ ਕੁਮਾਰ ਦਾ ਕਹਿਣਾ ਹੈ ਕਿ ਇਸ ਵੇਲੇ ਮੀਂਹ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਸਮੇਤ ਹੋਰ ਸਾਰੀਆਂ ਫ਼ਸਲਾਂ ਨੂੰ ਸਖ਼ਤ ਜ਼ਰੂਰਤ ਸੀ ਅਤੇ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਬਿਲਕੁਲ ਛੁਟਕਾਰਾ ਹੋ ਜਾਵੇਗਾ, ਜਦੋਂ ਕਿ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਛਿੜਕਣ ਦੀ ਲੋੜ ਹੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਰਖਾ ਬਰਾਨੀ ਫ਼ਸਲਾਂ ਲਈ ਵੀ ਲਾਹੇਵੰਦ ਮੰਨੀ ਜਾਂਦੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ 15 ਸਤੰਬਰ ਤੋਂ ਪਹਿਲਾਂ ਸਿੱਧਾ ਪਿਆ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਸ਼ੁਭ ਮੰਨਿਆ ਜਾਂਦਾ ਹੈ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵੈਸੇ ਤਾਂ ਇਹ ਮੀਂਹ ਰਿਪੋਰਟਾਂ ਅਨੁਸਾਰ ਕਿਤੇ ਵੀ ਨੁਕਸਾਨਦਾਇਕ ਨਹੀਂ ਹੈ।ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਬਰਾਨੀ ਇਲਾਕੇ ਵਿਚ ਜਿਹੜੀਆਂ ਫ਼ਸਲਾਂ ਦੇ ਮੀਂਹ ਵੰਨੀਓ ਘੁੰਢ ਮੁੜੇ ਪਏ ਸਨ, ਉਨ੍ਹਾਂ ਫ਼ਸਲਾਂ ਦੇ ਉਪਰ ਅੰਬਰੀ ਪਾਣੀ ਡਿੱਗਣ ਨਾਲ ਅੱਜ ਰੌਣਕਾਂ ਚਮਕ ਰਹੀਆਂ ਸਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਦਾ ਕਹਿਣਾ ਹੈ ਕਿ ਪੁੱਤਰਾਂ ਵਾਂਗ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਹੁਣ ਤੱਕ ਮਸਾਂ ਹੀ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫੁੱਲ ਫ਼ਲ ਚੁੱਕਿਆ ਸੀ ਤਾਂ ਹੁਣ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤਕੇ ਰੱਖ ਦਿਤੇ।