ਸਕੂਲ ਬੱਸ ਹੇਠਾਂ ਆਉਣ ਨਾਲ ਕੁੱਤੇ ਦੀ ਮੌਤ
ਮਾਲਕ ਨੇ ਬੱਚਿਆਂ ਨਾਲ ਭਰੀ ਬੱਸ ਤੇ ਕੀਤਾ ਤਲਵਾਰ ਨਾਲ ਹਮਲਾ ,ਰੋਂਦੇ ਰਹੇ ਮਾਸੂਮ ਬੱਚੇ – ਦੇਖੋ ਵੀਡਿਓ
ਚੰਡੀਗੜ੍ਹ 7 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਗੁਰਦਾਸਪੁਰ ਵਿੱਚ ਸਕੂਲ ਵੈਨ ਦੇ ਹੇਠਾਂ ਆਉਣ ਨਾਲ ਇੱਕ ਕੁੱਤੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਚਾਅ ਵਿੱਚ ਵੈਨ ਦੇ ਡਰਾਈਵਰ ਨੇ ਹਮਲਾਵਰਾਂ ਦੀ ਵੀਡੀਓ ਬਣਾਈ। ਵੀਡੀਓ ‘ਚ ਬੱਚੇ ਰੋਂਦੇ ਨਜ਼ਰ ਆ ਰਹੇ ਹਨ।ਮਾਮਲਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਹਰਚੋਵਾਲ ਦਾ ਹੈ। ਡਰਾਈਵਰ ਅਨੁਸਾਰ ਉਹ ਪਿੰਡ ਦੀ ਤੰਗ ਸੜਕ ‘ਤੇ ਹੌਲੀ-ਹੌਲੀ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਦੋ ਕੁੱਤੇ ਲੜਦੇ ਹੋਏ ਬੱਸ ਦੇ ਅੱਗੇ ਆ ਗਏ। ਉਸ ਨੇ ਬ੍ਰੇਕ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਕੁੱਤਾ ਵੈਨ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਮਿੰਟਾਂ ਵਿੱਚ ਹੀ ਕੁਝ ਨੌਜਵਾਨ ਤਲਵਾਰਾਂ ਲੈ ਕੇ ਆਏ ਅਤੇ ਵੈਨ ’ਤੇ ਤਲਵਾਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੇਖ ਕੇ ਬੱਚੇ ਉੱਚੀ-ਉੱਚੀ ਰੋਣ ਲੱਗੇ। ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਉਹਨਾਂ ਨੇ ਕੁੱਤੇ ਦੇ ਮਾਲਕ ਨੂੰ ਇਕ ਪਾਸੇ ਲਿਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਲੰਬੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਵੈਨ ਡਰਾਈਵਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਬੱਸ ‘ਤੇ ਹਮਲਾ ਕੀਤਾ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਗੁੱਸੇ ‘ਚ ਆਏ ਹਮਲਾਵਰ ਕਹਿ ਰਹੇ ਸਨ ਕਿ ਉਨ੍ਹਾਂ ਦਾ 50 ਹਜ਼ਾਰ ਦਾ ਕੁੱਤਾ ਮਰ ਚੁੱਕਾ ਹੈ। ਬੱਚਿਆਂ ਨੂੰ ਕੁਝ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਫਿਲਹਾਲ ਮਾਮਲਾ ਪੁਲਸ ਦੇ ਧਿਆਨ ‘ਚ ਆ ਗਿਆ ਹੈ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।