ਮਾਰਚ ਮਹੀਨੇ ਦੌਰਾਨ ਪੁਲਿਸ ਵੱਲੋਂ ਜ਼ਿਲ੍ਹੇ ’ਚ ਐਨ ਡੀ ਪੀ ਐਸ ਮੁਕੱਦਮਿਆਂ ਤਹਿਤ 36 ਦੋਸ਼ੀਆਂ ਦੀ ਗਿ੍ਰਫ਼ਤਾਰੀ ਕੀਤੀ ਗਈ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ
ਨਾਰਕੋ ਕੋਆਰਡੀਨੇਸ਼ਨ ਸੈਂਟਰ ਕਮੇਟੀ ਦੀ ਮੀਟਿੰਗ ਹੋਈ
ਨਵਾਂਸ਼ਹਿਰ, 28 ਅਪਰੈਲ, 2023 (ਵਿਸ਼ਵ ਵਾਰਤਾ):- ਜ਼ਿਲ੍ਹੇ ’ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਤਸਕਰੀ ਨੂੰ ਰੋਕਣ, ਇਨ੍ਹਾਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਾ ਛੁਡਾਊ ਕੇਂਦਰਾਂ ’ਚ ਦਿੱਤੇ ਜਾਂਦੇ ਇਲਾਜ ਇਲਾਜ ਦੀ ਸਮੀਖਿਆ ਲਈ ਅੱਜ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ਦੀ ਮੀਟਿੰਗ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਦੇ ਵੱਖ-ਵੱਖ ਮੈਂਬਰਾਂ ਦੇ ਹਿੱਸਾ ਲਿਆ। ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਪੁਲਿਸ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ ਮਹੀਨੇ ਦੌਰਾਨ ਐਨ ਡੀ ਪੀ ਐਸ ਐਕਟ ਦੇ ਕੁੱਲ 30 ਪਰਚੇ ਦਰਜ ਕੀਤੇ ਗਏ, ਜਿਸ ਤਹਿਤ 36 ਦੋਸ਼ੀਆਂ ਦੀ ਗਿ੍ਰਫ਼ਤਾਰੀ ਹੋਈ। ਉਨ੍ਹਾਂ ਇਸ ਮਹੀਨੇ ਦੌਰਾਨ ਹੋਈ ਬ੍ਰਾਮਦਗੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ 2.850 ਕਿਲੋਗ੍ਰਾਮ ਅਫ਼ੀਮ, 447 ਗ੍ਰਾਮ ਹੈਰੋਇਨ, ਇੱਕ ਕੁਇੰਟਲ 710 ਗ੍ਰਾਮ ਡੋਡੇ ਚੂਰਾ ਪੋਸਤ, 47 ਨਸ਼ੀਲੇ ਟੀਕੇ, 980 ਨਸ਼ੀਲੀਆਂ ਗੋਲੀਆਂ, 80 ਨਸ਼ੀਲੇ ਕੈਪਸੂਲ, 227510 ਰੁਪਏ ਦੀ ਡਰੱਗ ਮਨੀ ਅਤੇ 100 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਹੀਨੇ 44 ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਦਕਿ 29 ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ।
ਇਸ ਮੌਕੇ ਜ਼ਿਲ੍ਹਾ ਪੁਲਿਸ ਦੀ ਪ੍ਰਤੀਨਿਧਤਾ ਕਰ ਰਹੇ ਡੀ ਐਸ ਪੀ (ਸਪੈਸ਼ਲ ਬ੍ਰਾਂਚ) ਲਖਵੀਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਮਾਰਚ ’ਚ 73 ਮਿਲਣੀਆਂ ਕੀਤੀਆਂ ਗਈਆਂ। ਸਿਹਤ ਵਿਭਾਗ ਵੱਲੋਂ ਪ੍ਰਗਤੀ ਦੀ ਜਾਣਕਾਰੀ ਦਿੰਦਿਆਂ ਡੀ ਐਮ ਸੀ ਡਾ. ਹਰਪ੍ਰੀਤ ਸਿੰਘ ਅਤੇ ਮਨੋਰੋਗ ਮਾਹਿਰ ਡਾ. ਰਾਜਨ ਸ਼ਾਸਤਰੀ ਨੇ ਦੱਸਿਆ ਕਿ ਮਾਰਚ ਦੌਰਾਨ ਸਿਹਤ ਵਿਭਾਗ ਕੋਲ 31 ਨਵੇਂ ਮਰੀਜ਼ ਦਵਾਈ ਲਈ ਆਏ। ਇਸੇ ਤਰ੍ਹਾਂ ਜ਼ਿਲ੍ਹੇ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਦੀ ਓ ਪੀ ਡੀ ’ਚ 505 ਨਵੇਂ ਮਰੀਜ਼ ਦਰਜ ਕੀਤੇ ਗਏ ਜਦਕਿ ਇੰਨਡੋਰ ਇਲਾਜ ਵਾਸਤੇ 51 ਨਵੇਂ ਮਰੀਜ਼ ਆਏ ਜਦਕਿ ਪੁਨਰ ਵਸੇਬਾ ਕੇਂਦਰਾਂ ’ਚ 18 ਨਵੇਂ ਮਰੀਜ਼ ਆਏ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਮੌਕੇ ਮੀਟਿੰਗ ’ਚ ਹਾਜ਼ਰ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਨਸ਼ੇ ਦੀ ਰੋਕਥਾਮ ਲਈ ਸਰਕਾਰ ਵੱਲੋਂ ਇਸ ਕਮੇਟੀ ਰਾਹੀਂ ਸੁਝਾਏ ਸਮੂਹ ਉਪਾਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਆਪਸੀ ਤਾਲਮੇਲ ਰਾਹੀਂ ਕਰਨ ਲਈ ਆਖਿਆ।