ਨੌਜਵਾਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਦਾ ਸਾੜਿਆ ਪੁਤਲਾ
ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਆਉਣ ‘ਤੇ ਦਲਿਤਾਂ ‘ਤੇ ਅੱਤਿਆਚਾਰਾਂ ਵਿੱਚ ਹੋਇਆ ਭਾਰੀ ਵਾਧਾ – ਡੀ ਵਾਈ ਐਫ ਆਈ
ਯੂ.ਪੀ.ਵਿੱਚ ਦਲਿਤ ਅਤੇ ਮੁਸਲਿਮ
ਭਾਈਚਾਰੇ ਦੇ ਲੋਕ ਅਸੁਰੱਖਿਅਤ – ਬਿੰਦਰ ਸਿੰਘ ਅਹਿਮਦਪੁਰ
ਬੁਢਲਾਡਾ – 2 ਅਕਤੂਬਰ – ( ਵਿਸ਼ਵ ਵਾਰਤਾ ) – ਅੱਜ ਜਨਵਾਦੀ ਨੌਜਵਾਨ ਸਭਾ ਅਤੇ ਐਸ ਐਫ ਆਈ ਵੱਲੋਂ ਨੇੜਲੇ ਪਿੰਡ ਅਹਿਮਦਪੁਰ ਵਿਖੇ ਯੂ.ਪੀ. ਸੂਬੇ ਦੇ ਹਾਥਰਸ ਵਿਖੇ ਇੱਕ ਦਲਿਤ ਪਰਿਵਾਰ ਦੀ ਨੌਜਵਾਨ ਲੜਕੀ ਮਨੀਸ਼ਾ ਨਾਲ ਸਮੂਹਿਕ ਬਲਾਤਕਾਰ ਅਤੇ ਦਰਦਨਾਕ ਢੰਗ ਨਾਲ ਕੀਤੀ ਹੱਤਿਆ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਬਿੰਦਰ ਸਿੰਘ ਅਹਿਮਦਪੁਰ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂ ਪੀ ਵਿੱਚ ਯੋਗੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤਾਂ ‘ਤੇ ਅੱਤਿਆਚਾਰ ਅਤੇ ਦਲਿਤ ਬੱਚੀਆਂ ਨਾਲ ਛੇੜਛਾੜ , ਬਲਾਤਕਾਰ,ਕਤਲ ਆਦਿ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ ਇਸ ਸੂਬੇ ਵਿੱਚ ਮੁਸਲਿਮ ਅਤੇ ਦਲਿਤ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ। ਨੌਜਵਾਨ ਆਗੂ ਨੇ ਕਿਹਾ ਕਿ ਯੂ ਪੀ ਪੁਲਿਸ ਗੁੰਡਿਆਂ ਦੀ ਕਠਪੁਤਲੀ ਬਣੀ ਹੋਈ ਹੈ ਅਤੇ ਗੁੰਡਾ ਅਨਸਰਾਂ ਨੂੰ ਸ਼ਰੇਆਮ ਸ਼ਹਿ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਤਾਜ਼ਾ ਵਾਪਰੇ ਇਸ ਮਨੀਸ਼ਾ (ਹਾਥਰਸ) ਕਾਂਡ ਵਿੱਚ ਯੂ.ਪੀ ਪੁਲਿਸ ਦਾ ਬਿਆਨ ਕਿ ਮਨੀਸ਼ਾ ਨਾਲ ਬਲਾਤਕਾਰ ਹੋਇਆ ਹੀ ਨਹੀਂ , ਦਰਸਾਉਂਦਾ ਹੈ ਕਿ ਗੁੰਡਾ ਗਿਰੋਹਾਂ ਦੀ ਪੁਲਿਸ- ਡਾਕਟਰ-ਲੈਬਾਂ ਸਮੇਤ ਸੱਤਾਧਾਰੀਆਂ ਪੂਰੀ ਗੰਢਤੁੱਪ ਹੈ। ਡੀ ਵਾਈ ਐਫ ਆਈ ਆਗੂ ਨੇ
ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਇਆ ਜਾਵੇ ਅਤੇ ਮਨੀਸ਼ਾ ਕਾਂਡ ਦੇ ਦੋਸ਼ੀਆਂ ਨੂੰ ਫਾਹੇ ਲਾਇਆ ਜਾਵੇ। ਇਸ ਮੌਕੇ ਐਸ ਐਫ ਆਈ ਦੇ ਆਗੂ ਹਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਯੋਗੀ ਸਰਕਾਰ ਦੇ ਸ਼ਾਸ਼ਨ ਵਿੱਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਅਤੇ ਪੂਰੇ ਵਿੱਚ ਬਦਅਮਨੀ ਦਾ ਮਾਹੌਲ ਹੈ ਇਸ ਲਈ ਯੋਗੀ ਅਦਿੱਤਯਾ ਨਾਥ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਦਾ ਕੋਈ ਹੱਕ ਨਹੀਂ । ਉਨ੍ਹਾਂ ਮੁੱਖ ਮੰਤਰੀ ਯੋਗੀ ਦੇ ਫੌਰੀ ਅਸਤੀਫ਼ੇ ਦੀ ਮੰਗ ਕੀਤੀ । ਇਸ ਮੌਕੇ ਹੋਰਨਾਂ ਕਮਲ ਸ਼ਰਮਾ , ਹਰਦੀਪ ਪੂਨੀਆ,ਜਸਵਿੰਦਰ ਦਲਿਓ ,ਹਰਦੀਪ ਪੂਨੀਆ,ਬਲਤੇਜ ਸਿੰਘ ਦਲਿਓ , ਕਾਮਰੇਡ ਕਾਕਾ ਸਿੰਘ ਅਤੇ ਪਿੰਡ ਦੇ ਹੋਰ ਨੌਜਵਾਨਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਆਪਣਾ ਵਿਰੋਧ ਦਰਜ ਕਰਵਾਇਆ।























