4 ਜਣਿਆਂ ਸਮੇਤ ਮੋਟਰਸਾਈਕਲ ਤੇ 13 ਪੇਟੀਆਂ ਸ਼ਰਾਬ ਬਰਾਮਦ
ਮਾਨਸਾ, 28 ਅਪਰੈਲ( ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਪਿੰਡ ਰੱਲੀ ਵਿਖੇ ਸ਼ਰਾਬ ਦੇ ਠੇਕੇ ਦੀ ਛੱਤ ਨੂੰ ਪਾੜ੍ਹ ਲਗਾਕੇ 23 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਲਾਜਵਾਬ ਸੌਫੀਆ ਚੋਰੀ ਕਰਕੇ ਲੈ ਜਾਣ ਵਾਲੇ 4 ਕਸੂਰਵਾਰਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਪਾਸੋਂ ਮੌਕੇ ‘ਤੇ 13 ਪੇਟੀਆ ਸ਼ਰਾਬ ਅਤੇ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੇਰ ਸ਼ਾਮ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਸ਼ਰਾਬ ਠੇਕੇਦਾਰ ਹਰਦੀਪ ਸਿੰਘ ਉਰਫ ਲੱਖੀ ਵਾਸੀ ਭਾਵਾ ਨੇ ਪੁਲੀਸ ਕੋਲ ਆਪਣਾ ਬਿਆਨ ਲਿਖਾਇਆ ਕਿ ਉਹ ਗੋਬਿੰਦਪੁਰਾ ਸਰਕਲ ਦੇ ਸ਼ਰਾਬ ਦੇ ਠੇਕਿਆ ਦਾ ਇੰਚਾਰਜ ਹੈ। ਕਰਫਿਊ ਲੱਗਿਆ ਹੋਣ ਕਰਕੇ ਉਹਨਾਂ ਦੇ ਸ਼ਰਾਬ ਦੇ ਠੇਕੇ ਬੰਦ ਹਨ। ਉਨ੍ਹਾਂ ਦੱਸਿਆ ਕਿ 25-26 ਅਪਰੈਲ ਦੀ ਦਰਮਿਆਨੀ ਰਾਤ ਨੂੰ ਕਸੂਰਵਾਰਾਂ ਵੱਲੋਂ ਪਿੰਡ ਰੱਲੀ ਵਿਖੇ ਸ਼ਰਾਬ ਦੇ ਠੇਕੇ ਦੀ ਛੱਤ ਨੂੰ ਪਾੜ੍ਹ ਲਗਾਕੇ 23 ਪੇਟੀਆ ਸ਼ਰਾਬ ਠੇਕਾ ਦੇਸੀ ਮਾਰਕਾ ਲਾਜਵਾਬ ਸੌਫੀਆ,ਜਿਸਦੀ ਕੁੱਲ ਮਾਲੀਤੀ 41,400/-ਰੁਪਏ ਬਣਦੀ ਹੈ,ਕਿਸੇ ਵਹੀਕਲ ਰਾਹੀ ਚੋਰੀ ਕਰਕੇ ਲੈ ਗਏ।ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁਕੱਦਮਾ ਨੰਬਰ 46,ਮਿਤੀ 27-04-2020 ਅ/ਧ 457,380,34 ਹਿੰ:ਦੰ: ਦਰਜ਼ ਕਰ ਲਿਆ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਸੈਟੇਫਿਕ ਢੰਗ ਤਰੀਕਿਆਂ ਨਾਲ ਤਫ਼ਤੀਸ਼ ਆਰੰਭ ਕਰਕੇ ਮੁਕੱਦਮਾ ਵਿੱਚ 4 ਕੂਸਰਵਾਰਾਂ ਗੁਰਜੀਵਨ ਸਿੰਘ ਉਰਫ ਜੀਵਨ,ਕੁਲਦੀਪ ਸਿੰਘ ਉਰਫ ਨਿਹਾਲ ਸਿੰਘ, ਅਮਨਦੀਪ ਸਿੰਘ ਉਰਫ ਗੋਬਿੰਦ ਅਤੇ ਹੈਪੀ ਸਿੰਘ ਵਾਸੀਆਨ ਰੱਲੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਮੌਕਾ ਪਰ 13 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਹੈ,ਜਿੰਨਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੰਬਰੀ ਪੀਬੀ.31ਐਚ-7493 ਵੀ ਕਬਜ਼ਾ ਪੁਲੀਸ ਵਿੱਚ ਲਿਆ ਗਿਆ ਹੈ। ਦੌਰਾਨੇ ਤਫਤੀਸ ਮੁਕੱਦਮਾ ਵਿੱਚ ਜੁਰਮ ਅ/ਧ 411,188 ਹਿੰ:ਦੰ: ਅਤੇ 61/1/14 ਆਬਕਾਰੀ ਐਕਟ ਦਾ ਵਾਧਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਨਾਬਾਲਗ ਹੋਣ ਕਰਕੇ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਭੇਜਿਆ ਜਾ ਰਿਹਾ ਹੈ।