ਮਾਨਸਾ ਪੁਲੀਸ ਨੇ ਲੁਟੇਰਾ ਗਿਰੋਹ ਦੇ 5 ਮੈਬਰਾਂ ਨੂੰ ਕੀਤਾ ਕਾਬੂ
1 ਪਿਸਟਲ 315 ਬੋਰ,1 ਏਅਰ ਪਿਸਟਲ ਅਤੇ ਅਨੇਕਾਂ ਮਾਰੂ ਹਥਿਆਰਾਂ ਸਮੇਤ ਚਾਰ ਮੋਟਰਸਾਈਕਲ ਫੜ੍ਹੇ

ਮਾਨਸਾ, 28 ਨਵੰਬਰ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਵਿੱਚੋਂ 5 ਮੈਂਬਰਾ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ‘ਤੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 315 ਬੋਰ ਦੇਸੀ ਸਮੇਤ 1 ਕਾਰਤੂਸ,1 ਏਅਰ ਪਿਸਟਲ,1 ਕਿਰਪਾਨ,1 ਕਿਰਚ,1 ਨਲਕੇ ਦੀ ਹੱਥੀ ਜਿਹੇ ਮਾਰੂ ਹਥਿਆਰ,3 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮੁੱਢਲੀ ਪੁੱਛਗਿੱਛ ‘ਤੇ ਬਾਅਦ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ ਖੋਹ ਕੀਤੇ 8100/-ਰੁਪਏ ਨਗਦੀ ਸਮੇਤ ਡਾਕੂਮੈਂਟਸ ਅਤੇ 8 ਮੋਬਾਇਲ ਫੋਨ,1 ਮੋਟਰਸਾਈਕਲ ਪਲਟੀਨਾ,1 ਕੁਹਾੜੀ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲੁਟੇਰਾ ਗਿਰੋਹ ਦਾ 1 ਮੈਂਬਰ ਮਨਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਮਾਨਸਾ,ਜੋ ਵਾਰਦਾਤ ਦੀ ਰੇਕੀ ਕਰਨ ਲਈ ਪਹਿਲਾਂ ਹੀ ਮੌਕਾ ਤੋਂ ਚਲਾ ਗਿਆ ਸੀ,ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ੍ਰੀ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਪਾਸ ਇਤਲਾਹ ਮਿਲੀ ਕਿ ਲੁੱਟਾਂ/ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਬਾਦਲ ਸਿੰਘ ਵਾਸੀ ਮਲਕਪੁਰ ਖਿਆਲਾਂ, ਗਗਨਦੀਪ ਸਿੰਘ ਉਰਫ ਗੱਗੀ,ਅਜੈ ਕੁਮਾਰ ਉਰਫ ਕਾਲੀ,ਸੁੱਖੀ ਸਿੰਘ,ਮਨਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਵਾਸੀ ਬੁਰਜ ਝੱਬਰ, ਜੋ ਬੇ-ਆਬਾਦ ਭੱਠਾ ਬਾਹੱਦ ਪਿੰਡ ਖੋਖਰ ਕਲਾਂ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀਆਂ ਵੱਲੋਂ ਤੁਰੰਤ ਸਾਂਝੀ ਕਾਰਵਾਈ ਕਰਦੇ ਹੋਏ ਚਾਰੇ ਪਾਸਿਓ ਘੇਰਾ ਪਾਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਬਰਾਂ ਬਾਦਲ ਸਿੰਘ ਵਾਸੀ ਮਲਕਪੁਰ ਖਿਆਲਾਂ,ਗਗਨਦੀਪ ਸਿੰਘ ਉਰਫ ਗੱਗੀ,ਅਜੈ ਕੁਮਾਰ ਉਰਫ ਕਾਲੀ,ਸੁੱਖੀ ਸਿੰਘ ਵਾਸੀਆਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਵਾਸੀ ਬੁਰਜ ਝੱਬਰ ਨੂੰ ਕਾਬੂ ਕੀਤਾ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਕਰੀਮੀਨਲ ਹਨ,ਜਿਨ੍ਹਾਂ ਵਿਰੁੱਧ ਲੁੱਟਾਂ/ਖੋਹਾਂ ਦੇ 10 ਤੋਂ ਵੱਧ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ।ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਹੋਰ ਬਰਾਮਦਗੀ ਕਰਵਾਈ ਜਾਵੇਗੀ।




















