ਮਾਨਸਾ ਦੇ ਮੁੰਡੇ ਨੇ ਮਾਣ ਵਧਾਇਆ
ਭਾਰਤੀ ਵਾਲੀਵਾਲ ਟੀਮ ਵਿਚ ਨਾਮ ਦਰਜ ਕਰਾਇਆ
ਮਾਨਸਾ 22 ਅਗਸਤ(ਵਿਸ਼ਵ ਵਾਰਤਾ)-:ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਂਡਸਾ ਸਪੁੱਤਰ ਸੁਖਵਿੰਦਰ ਸਿੰਘ ਦੀ ਭਾਰਤੀ ਵਾਲੀਬਾਲ ਟੀਮ ਵਿਚ ਸਿਲੈਕਸਨ ਹੋ ਗਈ ਹੈ । ਇਹ ਟੀਮ ਵਿਸ਼ਵ ਚੈਂਪੀਅਨਸ਼ਿਪ ( ਅੰਡਰ -19) ਖੇਡਣ ਲਈ ਜਾਵੇਗੀ, ਜੋ ਕਿ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ 24 ਅਗਸਤ ਤੋਂ ਲੈਕੇ 2 ਸਤੰਬਰ ਤੱਕ ਹੋ ਰਹੀ ਹੈ।ਇਹ ਮਾਨਸਾ ਦਾ ‘ਮਾਣ’, ਉਸ ਇੰਡੀਆ ਟੀਮ ਦੀ ਅਗਵਾਈ ਕਰੇਗਾ । ਇਸ ਚੈੰਪਿਨਸ਼ਿਪ ਲਈ ਪਿਛਲੇ ਜੁਲਾਈ 21 ਨੂੰ ਟਰਾਇਲ ਭੁਬਨੇਸਵਰ ਵਿਖੇ ਹੋਏ ਸੀ, ਜਿਸ ਵਿੱਚ ਤਕਰੀਬਨ ਭਾਰਤ ਭਰ ਦੇ ਲਗਭਗ 300 ਵਾਲੀਵਾਲ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਉਸ ਵਿਚੋਂ ਕੈਂਪ ਲਈ ਸਿਰਫ 20 ਖਿਡਾਰੀ ਹੀ ਚੁਣੇ ਗਏ ਸਨ।
ਜੋਸ਼ਨੂਰ ਦੇ ਪਿਤਾ ਸੁਖਵਿੰਦਰ ਸਿੰਘ ਤੋਂ ਪਤਾ ਲੱਗਿਆ ਹੈ ਕਿ ਕੈਂਪ ਵਿਚ ਬੇਸ਼ੱਕ ਪੰਜਾਬ ਦੇ ਦੋ ਖਿਡਾਰੀ ਹੀ ਚੁਣੇ ਗਏ ਹਨ, ਭਾਰਤੀ ਟੀਮ ਵਿਚ ਜੋਸ਼੍ਨੂਰ ਇਕੱਲਾ ਹੀ ਸਿਲੈਕਟ ਹੋਇਆ ਹੈ । ਉਸ ਦਾ ਕੱਦ 6 ਫੁੱਟ 7 ਇੰਚ ਹੈ।
ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਜੋਸ਼ਨੂਰ ਨੂੰ ਉਸ ਦੇ ਪਟਿਆਲਾ ਸਥਿਤ ਕੋਚ ਚਮਣ ਸਿੰਘ ਸਰਾਉ ਨੇ ਪੋਲੋ ਗਰਾਊਂਡ ਵਿੱਚ ਬਹੁਤ ਮਿਹਨਤ ਨਾਲ ਤਰਾਸਿਆ ਹੈ, ਜਿਸ ਦੀ ਮਿਹਨਤ ਨੂੰ ਉਹ ਸਲਾਮ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਨੇ ਵੀ ਜੋਸ਼ਨੂਰ ਨੂੰ ਹਮੇਸ਼ਾ ਹੋਂਸਲਾ ਦੇਕੇ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ, ਜਿੰਨ੍ਹਾਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ।
ਜੋਸ਼ਨੂਰ ਦੀ ਭਾਰਤੀ ਟੀਮ ਵਿਚ ਚੋਣ ਹੋਣ ਤੋਂ ਬਾਅਦ ਹੁਣ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।