ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ

ਮਾਨਸਾ, 11 ਮਈ( ਵਿਸ਼ਵ ਵਾਰਤਾ )-ਮਾਨਸਾ ਦੇ ਦੋ ਵਕੀਲਾਂ ਐਡਵੋਕੇਟ ਨਰੇਸ਼ ਕੁਮਾਰ ਅਤੇ ਐਡਵੋਕੇਟ ਦਿਨੇਸ਼ ਕੁਮਾਰ ਵੱਲੋਂ ਕੋਰੋਨਾ ਮਰੀਜਾਂ ਦੇ ਇਲਾਜ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਪਰਮਾਨੈਟ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਲੋਕਾਂ ਨੂੰ ਮਹਾਂਮਾਰੀ ਕੋਵਿਡ ਤੋਂ ਬਚਾਇਆ ਜਾ ਸਕੇ।ਉਨ੍ਹਾਂ ਇਹ ਪਟੀਸ਼ਨ ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਐਡਵੋਕੇਟ ਰਾਜ ਕੁਮਾਰ ਕੋਟਲੀ ਰਾਹੀਂ ਦਾਇਰ ਕੀਤੀ ਗਈ ਹੈ।
ਆਪਣੀ ਪਟੀਸ਼ਨ ਵਿੱਚ ਉਨ੍ਹਾਂ ਵੱਲੋਂ ਮੰਗ ਕੀਤੀ ਕਿ ਕੋਰੋਨਾ ਵੈਕਸੀਨ ਅਤੇ ਕੋਰੋਨਾ ਦੇ ਇਲਾਜ ਲਈ ਦਵਾਈਆਂ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਲੋੜੀਂਦੀ ਆਕਸੀਜਨ ਸਪਲਾਈ ਕਰਨ ਦੇ ਨਾਲ ਕੋਰੋਨਾ ਦੇ ਟੈਸਟ ਲਈ ਲੈਬ ਮਾਨਸਾ ਵਿਖੇ ਖੋਲ੍ਹੀ ਜਾਵੇ। ਉਨ੍ਹਾਂ ਕਿਹਾ ਕਿ ਫ਼ਤਿਹ ਕਿੱਟਾਂ ਮਹੁੱਈਆਂ ਕਰਵਾਈਆਂ ਜਾਣ ਤਾਂ ਜੋ ਹੁਣ ਤੱਕ ਘਰ ਇਕਾਂਤਵਾਸ ਕੀਤੇ ਮਰੀਜਾਂ ਨੂੰ ਅਤੇ ਭਵਿੱਖ ਵਿੱਚ ਹੋਣ ਵਾਲੇ ਮਰੀਜਾਂ ਨੂੰ ਸਮੇਂ-ਸਿਰ ਫਤਿਹ ਕਿਟਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਵੈਟੀਲੇਟਰ ਅਤੇ ਉਸਨੂੰ ਚਲਾਉਣ ਲਈ ਸਟਾਫ਼ ਦਾ ਪ੍ਰਬੰਧ ਕੀਤਾ ਜਾਵੇ, ੳ-2 ਲੇਬਲ ਦੇ ਮਰੀਜਾਂ ਲਈ ਹੋਰ ਬੈਡ ਅਤੇ ੳ-3 ਲੇਬਲ ਦੇ ਮਰੀਜਾਂ ਲਈ ਵੀ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਪੀੜਤ ਬੱਚਿਆਂ ਲਈ ਵੱਖਰਾ ਵਾਰਡ ਬਣਾਇਆ ਜਾਵੇ ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦਾ ਹੋਰ ਪ੍ਰਬੰਧ ਕੀਤਾ ਜਾਵੇ, ਕਿਉਂਕਿ ਹੁਣ ਮਾਨਸਾ ਵਿਖੇ ਅਜਿਹੇ ਸਟਾਫ਼ ਦੀ ਬਹੁਤ ਘਾਟ ਹੈ ਅਤੇ 5 ਐਬੂਲੈਸਾਂ ਸਮੇਤ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ।
ਪਟੀਸ਼ਨ ਸਬੰਧੀ ਉਨ੍ਹਾਂ ਕਿਹਾ ਕਿ ਅਦਾਲਤ ਵੱਲ ਕੇਸ ਦੀ ਸੁਣਵਾਈ ਲਈ ਅਗਲੀ ਪੇਸ਼ੀ 21 ਮਈ ਮੁਕਰਰ ਕੀਤੀ ਹੈ।






















