ਮਾਨਸਾ: ਮਾਨਸਾ ‘ਚ ਦੋ ਦਿਨ ਪਹਿਲਾਂ ਬੱਸ ਸਟੈਂਡ ‘ਤੇ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਕਿਉਂ ਰੱਖੀ ਗਈ ਸੀ, ਮਾਮਲਾ ਹੱਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਉਸ ਦੀ ਮਾਂ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਮ੍ਰਿਤਕ ਬੱਚੇ ਦੀ ਕੱਲਯੁੱਗੀ ਮਾਂ ਜੈਸਮੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬੱਚੇ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਾਮਾਨ ਲੈਣ ਲਈ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਬੱਚੇ ਦੀ ਫੋਟੋ ਦੇਖ ਕੇ ਉਸ ਨੇ ਪਛਾਣ ਲਿਆ ਕਿ ਇਹ ਉਸ ਦਾ ਆਪਣਾ ਬੱਚਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਘਰ ਫੋਨ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਪਰ ਬੱਚੇ ਦੀ ਮਾਂ ਜੈਸਮੀਨ ਨੇ ਦੱਸਿਆ ਕਿ ਉਹ ਆਪਣੀ ਨਾਨੀ ਦੇ ਘਰ ਗਿਆ ਹੋਇਆ ਸੀ। ਫਿਰ ਬੱਚੇ ਦੀ ਨਾਨੀ ਕੋਲੋਂ ਉਸ ਬਾਰੇ ਜਾਣਕਾਰੀ ਲੈਣ ਲਈ ਬੱਚੇ ਦੇ ਨਾਨਕੇ ਘਰ ਗਏ, ਪਰ ਉੱਥੇ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਸਾਰੀ ਜਾਂਚ ਤੋਂ ਬਾਅਦ ਵੀ ਬੱਚੇ ਦੀ ਮਾਂ ਨੇ ਮੂੰਹ ਨਹੀਂ ਖੋਲ੍ਹਿਆ।
ਹਾਲਾਂਕਿ ਜਦੋਂ ਜੈਸਮੀਨ ਨੂੰ ਘਰ ਬੁਲਾ ਕੇ ਦੁਬਾਰਾ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ। ਜਿਸ ਤੋਂ ਬਾਅਦ ਪਰਿਵਾਰ ਨੇ ਜੈਸਮੀਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਤੋਂ ਪੁੱਛਗਿੱਛ ਕਰ ਰਹੀ ਹੈ। ਇਧਰ ਮਾਨਸਾ ਪੁਲੀਸ ਦੋ ਦਿਨਾਂ ਤੋਂ ਸ਼ਹਿਰ ਦੇ ਕਿਸੇ ਵੀ ਸੀਸੀਟੀਵੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।