
ਮਾਨਸਾ, 21 ਅਗਸਤ (ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੀ ਮਾਨਸਾ ਇਕਾਈ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਵਿਚੋਂ ਕੱਢੇ ਜਾਣ ਦੀ ਸਿਫਾਰਸ਼ ਕੀਤੀ।
ਮਾਨਸਾ ਵਿਧਾਨ ਸਭਾ ਹਲਕੇ ਦੇ ਅਹੁਦੇਦਾਰਾਂ ਅਤੇ ਮਾਨਸਾ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਤੇ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ ਨੇ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਸੁਖਵਿੰਦਰ ਸਿੰਘ ਔਲਖ ਨੂੰ ਪਾਰਟੀ ਵਿਰੋਧੀ ਤਾਕਤਾਂ ਨਾਲ ਰਲਣ ਲਈ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮਤਾ ਜੋ ਇਥੇ ਪਾਰਟੀ ਦਫਤਰ ਵਿਚ ਮੀਟਿੰਗ ਵਿਚ ਪੇਸ਼ ਕੀਤਾ ਗਿਆ, ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਜ਼ਿਲਾ ਇਕਾਈ ਦੇ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਫਫੜੇ ਨੇ ਕਿਹਾ ਕਿ ਔਲਖ ਨੇ ਲੰਘੀਆਂ ਸੰਸਦੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰ ਕੇ ਪਾਰਟੀ ਦੀ ਮੁਹਿੰਮ ਨੂੰ ਵੱਡਾ ਖੋਰਾ ਲਾਇਆ। ਉਹਨਾਂ ਕਿਹਾ ਕਿ ਇਸੇ ਤਰੀਕੇ 2017 ਵਿਚ ਔਲਖ ਨੇ ਆਪ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਔਲਖ ਤਾਂ ਹੀ ਪਾਰਟੀ ਲਈ ਕੰਮ ਕਰੇਗਾ ਜੇਕਰ ਉਸਨੂੰ ਮਾਨਸਾ ਹਲਕੇ ਦਾ ਇੰਚਾਰਜ ਲਾਇਆ ਜਾਵੇ ਨਹੀਂ ਤਾਂ ਉਹ ਪਾਰਟੀ ਦੀ ਪਿੱਠ ਵਿਚ ਛੁਰਾ ਮਾਰੇਗਾ ਜਿਵੇਂ ਕਿ ਉਸਨੇ ਪਿਛਲੇ ਸਮੇਂ ਦੌਰਾਨ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਦੀ ਪਾਰਟੀ ਵਿਚ ਹੋਰ ਲੋੜ ਨਹੀਂ ਰਹਿ ਗਈ।
ਪਾਰਟੀ ਦੇ ਸ਼ਹਿਰੀ ਇਕਾਈ ਦੇ ਪ੍ਰਧਾਨ ਸ੍ਰੀ ਪ੍ਰੇਮ ਅਰੋੜਾ ਨੇ ਕਿਹਾ ਕਿ ਸੁਖਵਿੰਦਰ ਔਲਖ ਨੂੰ ਪਾਰਟੀ ਨੇ ਹਮੇਸ਼ਾ ਮਾਣ ਤੇ ਸਤਿਕਾਰ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਨੇ 1997 ਵਿਚ ਉਸਨੂੰ ਟਿਕਟ ਦਿੱਤੀ ਤੇ ਉਹ ਮਾਨਸਾ ਤੋਂ ਵਿਧਾਇਕ ਚੁਣਿਆ ਗਿਆ। ਉਹਨਾਂ ਕਿਹਾ ਕਿ ਇਸ ਤੋਂ ਬਾਅਦ 2002 ਅਤੇ ਫਿਰ 2007 ਵਿਚ ਪਾਰਟੀ ਨੇ ਉਸਨੂੰ ਟਿਕਟ ਦਿੱਤੀ ਪਰ ਉਹ ਦੋਵੇਂ ਵਾਰ ਹਾਰ ਗਿਆ। ਉਹਨਾਂ ਕਿਹਾ ਕਿ ਲਗਾਤਾਰ ਉਸਦਾ ਗ੍ਰਾਫ ਘਟਣ ਦੇ ਬਾਵਜੂਦ ਪਾਰਟੀ ਨੇ ਔਲਖ ਨੂੰ ਪਨਸੀਡ ਦਾ ਚੇਅਰਮੈਨ ਨਿਯੁਕਤ ਕੀਤਾ ਤੇ ਜ਼ਿਲਾ ਯੋਜਨਾ ਬੋਰਡ ਦਾ ਚੇਅਰਮੈਨ ਵੀ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਹੁਣ ਜਦੋਂ ਪਾਰਟੀ ਲਈ ਸਰਕਾਰ ਤੋਂ ਬਗੈਰ ਕੰਮ ਕਰਨ ਦਾ ਸਮਾਂ ਹੈ ਤਾਂ ਔਲਖ ਆਪਣੀ ਮਾਂ ਪਾਰਟੀ ਦੇ ਖਿਲਾਫ ਕੰਮ ਕਰ ਰਿਹਾ ਹੈ ਤੇ ਅਜਿਹੇ ਵਿਅਕਤੀ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ।
ਪਾਰਟੀ ਦੇ ਹੋਰ ਅਹੁਦੇਦਾਰਾਂ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਮੰਘਾਣੀਆਂ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਸਰਕਲ ਪ੍ਰਧਾਨ ਸੁਰਜੀਤ ਸਿੰਘ ਤੇ ਵਿਜੇ ਕੁਮਾਰ ਭੀਖੀ ਨੇ ਕਿਹਾ ਕਿ ਸੁਖਵਿੰਦਰ ਔਲਖ ਜ਼ਮੀਨਾਂ ਦੱਬਣ ਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਪਾਰਟੀ ਦੀ ਬਦਨਾਮੀ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਔਲਖ ਨੇ ਨੌਜਵਾਨ ਅਹੁਦੇਦਾਰਾਂ ਨਾਲ ਵਿਤਕਰਾ ਕਰ ਕੇ ਉਹਨਾਂ ਖਿਲਾਫ਼ ਵੈਰ ਭਾਵ ਰੱਖ ਕੇ ਮਾਨਸਾ ਵਿਚ ਪਾਰਟੀ ਦੇ ਢਾਂਚੇ ਨੂੰ ਕਮਜ਼ੋਰ ਕਰਨ ਦਾ ਯਤਨ ਵੀ ਕੀਤਾ ਹੈ।






















