ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ

ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ
ਪੁੱਛਦੀ ਹੈ ਤੈਨੂੰ, ਕਿਉਂ ਖੋਹ ਲਿਆ ਉਹਦਾ ਹੱਕ
ਆਪਣਿਆਂ ਕੀਤਾ ਮਤਰੇਈ ਮਾਂ ਵਾਲਾ ਕਿਉਂ ਸਲੂਕ
ਦੁਨੀਆਂ ’ਚ ਹੈ ਵਢਾਈ ਹੈ ਕਿਉਂ ਤੂੰ ਇਹਦੀ ਨੱਕ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ…….
ਪੰਜਾਬੀ ਜ਼ੁਬਾਨ , ਦੇਸ਼ ਦੀ ਆਣ, ਬਾਨ, ਸ਼ਾਨ
ਸਾਡਾ ਮਾਣ , ਸਾਡੀ ਪਹਿਚਾਣ
ਨਹੀਂ ਹੈ ਇਹ ਅਣਚਾਹਿਆ ਮਹਿਮਾਨ
ਫੇਰ ਕਿਉਂ ਹੋਇਆ ਇਸ ਦਾ ਅਪਮਾਨ
ਕਿਉਂ ਨਹੀਂ ਮਿਲਦਾ ਇਸ ਨੂੰ ਸਨਮਾਨ
ਬੋਲਦਾ ਦੂਜੀਆਂ ਜ਼ੁਬਾਨਾਂ
ਕਿਉਂ ਇਹਨੂੰ ਦਿੰਨਾ ਇਕ ਪਾਸੇ ਤੂੰ ਧੱਕ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ……..
ਕੁੱਝ ਲੰਬਰਦਾਰ ਅਜਿਹੇ ਆਏ
ਸੋਹਲੇ ਪੰਜਾਬੀ ਦੇ ਗਾਏ
ਦੇ ਕੇ ਭਾਸ਼ਣ ਮਾਂ ਬੋਲੀ ’ਚ
ਸੱਤਾ ਦੇ ਸੁੱਖ ਕਮਾਏ
ਵਾਅਦਾ ਕੀਤਾ ਸੀ ਇਸ ਨੂੰ ਵਧਾਉਣ ਦਾ
ਬਣਦੇ ਰੁੱਤਬੇ ਤੇ ਪਹੁੰਚਾਉਣ ਦਾ
ਬਹਿ ਗੱਦੀ ਸਾਰੇ ਕੌਲ ਭੁਲਾਏ
ਆਪਣੇ ਹੀ ਤੋੜਨ ਲੱਗੇ ਹੁਣ ਕਿਉਂ ਇਸ ਦਾ ਲੱਕ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ……..
ਦੁਨੀਆਂ ’ਚ ਇਹ ਪਾਵੇ ਧਮਾਲ
ਕਿਉਂ ਕੀਤਾ ਇਸ ਦਾ ਤੂੰ ਬੁਰਾ ਹਾਲ
ਬੋਲਣ ਲਿਖਣ ਤੋਂ ਸ਼ਰਮਾਵੇ ਤੂੰ
ਕਿਵੇਂ ਆਪਣੇ ਆਪ ਨੂੰ ਪੰਜਾਬੀ ਅਖਵਾਵੇਂ ਤੂੰ
ਇਸ ਤੈਨੂੰ ਆਪਣੀ ਲੋਰੀਆਂ ਦੀ ਪੀਂਘ ਝੁਟਾਈ
ਸਿੱਠਣੀਆਂ ਗਾਅ ਕੇ ਵਿਆਹ ’ਚ ਰੌਣਕ ਲਗਾਈ
ਵਫ਼ਾ ਧੁਰ ਵੈਨਾਂ ਤੱਕ ਨਿਭਾਈ
ਮੂੰਹ ਮੋੜੇ ਇਸ ਤੋਂ, ਤੈਨੂੰ ਲੱਜ ਨਾ ਆਈ
ਪਾਪ ਤੇਰੇ ਕੌਣ ਦੇਊਗਾ ਢੱਕ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ……..
ਦਿੱਤਾ ਇਸ ਨੇ
ਸਿੰਘ ਭਗਤ ਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
ਬੁਲੇ ਸ਼ਾਹ ਦਾ ਕਲਾਮ ਨਿਆਰਾ
ਧਨੀ ਰਾਮ ਚਾਤਿ੍ਰਕ ਕਵਿਤਾ ਦਾ ਵਣਜਾਰਾ
ਭਾਈ ਵੀਰ ਸਿੰਘ ਦੇ ਫੁੱਲਾਂ ਦੀ ਮਹਿਕ ਦਾ ਫੁਹਾਰਾ
ਵਾਰਿਸ ਦੀ ਹੀਰ ਦੇ ਦੁੱਖਾਂ ਦਾ ਪਿਟਾਰਾ
ਗੁਰੂਆਂ ਪੀਰਾਂ ਦੇ ਘਰ ਦਾ ਦੁਆਰਾ
ਮੋਹ ਪਿਆ ਤੇਰਾ ਬੇਗਾਨਿਆਂ ਨਾਲ, ਰੋਲਤੀ ਮਾਂ ਵਾਂਗ ਕੱਖ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ……..
ਬੋਲ ਬੋਲ ਤੂੰ, ਬੋਲ ਤੂੰ ਇਸਨੂੰ ਆਖ਼ਰੀ ਸਾਂਹ ਤਕ
ਮੌਤ ਪਿੱਛੋਂ ਸਿਵੀਆਂ ਦੇ ਰਾਹ ਤਕ
ਸਮਸ਼ਾਨ ਤੋਂ ਅਸਥੀਆਂ ਦੇ ਵਹਾਅ ਤਕ
ਫੇਰ ਧੁਰ ਉਹਦੀ ਦਰਗਾਹ ਤਕ
ਭੁੱਲਿਆ ਕਿਉਂ ਮਾਂ ਨੂੰ, ਕਿਉਂ ਗਿਆ ਤੂੰ ਅੱਕ
ਮਾਂ ਬੋਲੀ ਪੰਜਾਬੀ ਨੂੰ ਹੈ ਕਿਉਂ ਸ਼ੱਕ……..
ਮੇਰੀ ਇਹ ਕਵਿਤਾ ਮਾਂ ਬੋਲੀ ਪੰਜਾਬੀ ਦੀ ਅੱਜ ਦੀ ਦਸ਼ਾ ਬਿਆਨ ਕਰਦੀ ਹੈ ਜਿਸ ਵਿਚ ਉਸ ਦਾ
ਬੇਜ਼ੁਬਾਨ ਦਰਦ ਪ੍ਰਮੁੱਖਤਾ ਨਾਲ ਝਲਕਦਾ ਹੈ ਕਿਉਂਕਿ ਉਸ ਨੂੰ ਉਸਤੋਂ ਦੀ ਗੁੜਤੀ ਲੈ ਕੇ
ਉਸ ਦੇ ਜੰਮੇ ਜਾਏ ਨੇ ਉਸ ਤੋਂ ਮੂੰਹ ਫ਼ੇਰ ਲਿਆ ਹੈ ਅਤੇ ਉਸ ਨੂੰ ਇਕੱਲੀ ਹੋਣ ਅਤੇ ਛੱਡ
ਜਾਣ ਦਾ ਅਹਿਸਾਸ ਕਰਵਾ ਰਿਹਾ ਹੈ । ਮੇਰੀ ਇਹ ਅਰਦਾਸ ਹੈ ਕਿ ਮਾਂ ਬੋਲੀ ਦੇ ਜੰਮੇ ਜਾਏ
ਪੰਜਾਬੀ ਨੂੰ ਆਪਣੇ ਅੰਗ ਸੰਗ ਲਗਾ ਕੇ ਆਪਣਾ ਜੀਵਣ ਸਫ਼ਲ ਕਰਨ ਅਤੇ ਮਾਂ ਪ੍ਰਤੀ ਆਪਣੀ
ਸਾਰੇ ਫ਼ਰਜ਼ ਨਿਭਾਉਣ ਤਾਂਕਿ ਉਸ ਦੇ ਪੁੱਤਰ ਆਪਣੇ ਜੀਵਨ ਵਿਚ ਤਰੱਕੀਆਂ ਕਰਨ, ਹਰੇਕ
ਉੱਚਾਈਆਂ ਛੋਹਣ ਅਤੇ ਕਾਮਯਾਬ ਹੋਣ। ਅਤੇ ਆਪਣੇ ਜੀਵਨ ਵਿਚ ਕੋਈ ਵੀ ਔਕੜ ਦੀ ਅਤੇ ਦੁੱਖ
ਦੀ ਘੜੀ ਨਾ ਵੇਖਣ। ਪੁੱਤਰ ਆਪਣੀ ਮਾਂ ਦੀ ਗੋਦ ਵਿਚ ਰਹਿਣ ਅਤੇ ਉਸ ਦੇ ਬੇਅਥਾਹ ਪਿਆਰ
ਦਾ ਨਿੱਘ ਮਾਣਨ ਅਤੇ ਕਿਸੇ ਵੀ ਤਰਾਂ ਦੀ ਕੋਤਾਹੀ ਨਾ ਕਰਨ। ਅੱਖਾਂ ਫ਼ੇਰ ਕੇ ਮਾਂ ਨਾਲ
ਆਪਣੇ ਕਿਰਦਾਰ ’ਤੇ ਪ੍ਰਸ਼ਨ ਚਿੰਨ ਨਾ ਲਗਵਾਉਣ। ਦੁਨੀਆਂ ਵਿਚ ਲੋਕਾਂ ਤੋਂ ਮਾਂ ਨੂੰ
ਛੱਡਣ ਦੀ ਤੋਹਮਤ ਆਪਣੇ ਮੱਥੇ ਉੱਤੇ ਨਾ ਲੈਣ।
ਚੰਦਰ ਪ੍ਰਕਾਸ਼
ਬਠਿੰਡਾ
98154-37555, 98762-15150






















