ਮਾਨਸਾ, 22 ਅਗਸਤ-ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦੀ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਲਗਾਤਾਰ ਦਸ ਸਾਲਾਂ ਦੇ ਰਾਜ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਾਜ਼ਿਸ਼ ਨਾਲ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਪਲਾਂਟਾਂ ਨਾਲ ਹਿੱਸੇਦਾਰੀਆਂ ਬੰਨੀਆਂ ਅਤੇ ਮਾਰੂ ਸ਼ਰਤਾਂ ਵਾਲੇ ਮਹਿੰਗੇ ਬਿਜਲੀ ਸਮਝੌਤੇ (ਪੀਪੀਏਜ਼) ਕੀਤੇ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਵੇਚੀ ਜਾ ਰਹੀ ਹੈ, ਜਦੋ ਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਸਾਰੀ ਬਿਜਲੀ ਬਾਹਰੋਂ ਲੈਂਦੀ ਹੈ, ਪ੍ਰੰਤੂ ਦਿੱਲੀ ਦੇ ਲੋਕਾਂ ਨੂੰ ਦੇਸ਼ ਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਦੀ ਹੈ। ਉਹ ਇਥੇ ਰਾਜ ਵਿੱਚ ਮਹਿੰਗੇ ਬਿਜਲੀ ਬਿਲਾਂ ਦੇ ਵਿਰੋਧ ਵਿੱਚ ਪਾਰਟੀ ਦੀ ਰੋਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਿਕ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮਹਿੰਗੇ ਸਮਝੌਤੇ ਰੱਦ ਕਰਕੇ ਨਵੇਂ ਸਿਰਿਓਂ ਸਸਤੇ ਸਮਝੌਤੇ ਕਰੇ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚਲਾਏ ਤਾਂ ਪੰਜਾਬ ਦੇ ਲੋਕ ਵੀ ਦਿੱਲੀ ਵਾਂਗ ਸਸਤੀ ਬਿਜਲੀ ਲੈ ਸਕਦੇ ਹਨ, ਪ੍ਰੰਤੂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਬਾਦਲਾਂ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਹਿੱਤ ਪਾਲੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਬਾਦਲਾਂ ਨਾਲ ਇਸ ਸਾਂਝ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਸੰਸਦੀ ਮੈਂਬਰ ਨੇ ਬਾਦਲ ਪਰਿਵਾਰ ਦੇ ਪੈਸੇ ਦੇ ਮੋਹ ‘ਤੇ ਵਿਅੰਗ ਕਰਦਿਆਂ ਕਿਹਾ ਕਿ ਸ਼ਾਇਦ ਉਹ ਭੁੱਲ ਗਏ ਹਨ ਕਿ ਕਫ਼ਨ ਦੇ ਜੇਬ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬਾਦਲ ਅਤੇ ਚੌਟਾਲਾ ਪਰਿਵਾਰ ਇੱਕੋ ਰਸਤੇ ‘ਤੇ ਹਨ, ਜੇਕਰ ਕੈਪਟਨ ਅਮਰਿੰਦਰ ਸਿੰਘ-ਬਾਦਲ ਪਰਿਵਾਰ ‘ਤੇ ਮਿਹਰਬਾਨੀ ਛੱਡਕੇ ਉਨ੍ਹਾਂ ਦੇ ‘ਪਾਪਾ’ ਦਾ ਬਹੀ-ਖਾਤਾ ਸਹੀ ਤਰ੍ਹਾਂ ਖੋਲ੍ਹਣ ਤਾਂ ਬਾਦਲ ਵੀ ਜੇਲ੍ਹ ‘ਚ ਚੋਟਾਲਿਆਂ ਦੇ ਗਆਂਢੀ ਹੁੰਦੇ।ਉਨ੍ਹਾਂ ਕਿਹਾ ਕਿ ਕੈਪਟਨ ਤੋਂ ਅਜਿਹੀ ਉਮੀਦ ਕਰਨੀ ਬੇਈਮਾਨੀ ਹੈ, ਕਿਉਂਕਿ ਹੁਣ ਤੱਕ ਆਸ ਸੀ ਕਿ ਕੀ ਪਤਾ ਇੰਟਰਵੈਲੋ ਤੋਂ ਬਾਅਦ ਕੈਪਟਨ ਅਸਲੀ ‘ਹੀਰੋ ਵਾਲੇ ਕਿਰਦਾਰ ‘ਚ ਆਕੇ ਬਾਦਲਾਂ ਨੂੰ ਜੇਲ੍ਹਾਂ ‘ਚ ਸੁੱਟੇਗਾ, ਪ੍ਰੰਤੂ ਹੁਣ ਤਾਂ ਇਹ ਸਮਾਂ ਵੀ ਲੰਘ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਕੈਪਟਨ-ਬਾਦਲਾਂ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ, ਹੁਣ 2022 ‘ਚ ਆਪ ਦਾ ਸਾਥ ਦਿੱਤਾ ਜਾਵੇ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕਾ ਪ੍ਰੋ.ਬਲਜਿੰਦਰ ਕੌਰ,ਗੈਰੀ ਵੜਿੰਗ,ਮਨਜੀਤ ਸਿੰਘ ਸਿੱਧੂ,ਨਵਦੀਪ ਸਿੰਘ ਸੰਘਾ,ਜਸਪਾਲ ਸਿੰਘ ਦਾਤੇਵਾਸ,ਭੋਲਾ ਮਾਨ,ਡਾ.ਵਿਜੈ ਸਿੰਗਲਾ,ਗੁਰਪ੍ਰੀਤ ਸਿੰਘ ਭੁੱਚਰ,ਰਣਜੀਤ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਵਿੱਚ ਭਗਵੰਤ ਮਾਨ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ।