ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਹੁਣ ਬਿਜਲੀ ਵੀ ਹੋਈ ਬੰਦ
ਚੰਡੀਗੜ੍ਹ 23 ਜਨਵਰੀ(ਵਿਸ਼ਵ ਵਾਰਤਾ)- ਪਿਛਲੇ ਕਈ ਦਿਨਾਂ ਤੋਂ ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਹੁਣ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਤੋਂ ਹੀ ਦੇਸ਼ ਦੇ ਕਈ ਵੱਡੇ ਸ਼ਹਿਰਾਂ ‘ਚ ਬਿਜਲੀ ਦਾ ਵੱਡਾ ਕੱਟ ਲੱਗਾ। ਰਾਜਧਾਨੀ ਇਸਲਾਮਾਬਾਦ ਸਮੇਤ ਲਾਹੌਰ ਅਤੇ ਕਰਾਚੀ ਵਰਗੇ ਸ਼ਹਿਰਾਂ ਵਿੱਚ ਕਈ ਘੰਟਿਆਂ ਤੋਂ ਬਿਜਲੀ ਬੰਦ ਹੈ।
ਬਿਜਲੀ ਮੰਤਰਾਲੇ ਨੇ ਦੱਸਿਆ ਕਿ ਨੈਸ਼ਨਲ ਗਰਿੱਡ ਸਵੇਰੇ 7:34 ਵਜੇ ਡਾਊਨ ਹੋ ਗਿਆ। ਇਸ ਕਾਰਨ ਬਿਜਲੀ ਪ੍ਰਣਾਲੀ ਫੇਲ੍ਹ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸਿਸਟਮ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਜਦੋਂ ਸਵੇਰੇ ਸਾਢੇ ਸੱਤ ਵਜੇ ਸਿਸਟਮ ਨੂੰ ਚਾਲੂ ਕੀਤਾ ਗਿਆ ਤਾਂ ਉੱਤਰੀ ਪਾਕਿਸਤਾਨ ਦੇ ਖੇਤਰ ਦੇ ਵੋਲਟੇਜ ਵਿੱਚ ਕਈ ਉਤਰਾਅ-ਚੜ੍ਹਾਅ ਆਏ। ਫਿਰ ਇੱਕ ਤੋਂ ਬਾਅਦ ਇੱਕ ਸਾਰਾ ਸਿਸਟਮ ਠੱਪ ਹੋ ਗਿਆ। ਰਿਪੋਰਟਾਂ ਮੁਤਾਬਕ ਬਿਜਲੀ ਵਿਵਸਥਾ ਨੂੰ ਬਹਾਲ ਕਰਨ ‘ਚ 8 ਤੋਂ 10 ਘੰਟੇ ਦਾ ਸਮਾਂ ਲੱਗ ਸਕਦਾ ਹੈ।























