ਮਹਾਰਾਸ਼ਟਰ ਦੇ ਰਾਏਗੜ੍ਹ ਤੱਟ ਤੋਂ ਮਿਲੀ ਏਕੇ-47 ਰਾਈਫਲਾਂ ਅਤੇ ਹੋਰ ਖਤਰਨਾਕ ਹਥਿਆਰਾਂ ਨਾਲ ਭਰੀ ਕਿਸ਼ਤੀ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਮਹਾਰਾਸ਼ਟਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ ਦੋ ਸ਼ੱਕੀ ਕਿਸ਼ਤੀਆਂ ਮਿਲੀਆਂ ਹਨ।ਇਹਨਾਂ ਵਿੱਚੋਂ ਇੱਕ ਕਿਸ਼ਤੀ ‘ਚੋਂ ਏ.ਕੇ.-47, ਰਾਈਫਲਾਂ ਅਤੇ ਕੁਝ ਕਾਰਤੂਸ ਮਿਲੇ ਹਨ। ਕਿਸ਼ਤੀ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਰੱਸੀ ਦੀ ਮਦਦ ਨਾਲ ਕਿਸ਼ਤੀ ਨੂੰ ਖਿੱਚ ਕੇ ਕਿਨਾਰੇ ‘ਤੇ ਲਿਆਂਦਾ ਅਤੇ ਜ਼ਬਤ ਕਰ ਲਿਆ।
ਜਿਕਰਯੋਗ ਹੈ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਵੀ ਇਸੇ ਤਰ੍ਹਾਂ ਦਾ ਪੈਟਰਨ ਅਪਣਾਇਆ ਸੀ। ਇਸ ਦੇ ਮੱਦੇਨਜ਼ਰ ਪੁਲਿਸ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੂਰੇ ਰਾਏਗੜ੍ਹ ਜ਼ਿਲ੍ਹੇ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਮੁੰਦਰੀ ਤੱਟ ਦੇ ਨਾਲ ਲੱਗਦੇ ਸਾਰੇ ਖੇਤਰਾਂ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਅੱਤਵਾਦ ਰੋਕੂ ਦਸਤਾ (ਏਟੀਐਸ) ਵੀ ਮੌਕੇ ‘ਤੇ ਪਹੁੰਚ ਗਿਆ ਹੈ।
ਇੱਥੇ ਜਿਕਰ ਕਰਨਾ ਇਹ ਬਣਦਾ ਹੈ ਕਿ ਕਰੀਬ 13 ਸਾਲ ਪਹਿਲਾਂ ਯਾਨੀ 26 ਨਵੰਬਰ 2008 ਨੂੰ ਮੁੰਬਈ ‘ਚ ਅੱਤਵਾਦੀ ਹਮਲਾ ਹੋਇਆ ਸੀ।ਇਸ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਉਦੋਂ ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਅੱਤਵਾਦੀ ਸਮੁੰਦਰ ਰਾਹੀਂ ਹੀ ਇੱਥੇ ਆਏ ਸਨ। ਇਨ੍ਹਾਂ ਵਿੱਚੋਂ 9 ਮਾਰੇ ਗਏ ਸਨ, ਜਦਕਿ ਸਿਰਫ਼ ਅਜਮਲ ਕਸਾਬ ਜ਼ਿੰਦਾ ਫੜਿਆ ਗਿਆ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।