ਸਾਲ ਦੇ ਅਖੀਰ ਤੱਕ ਐਕਟ ਸਾਰੇ ਭਾਰਤ ‘ਚ ਲਾਗੂ ਹੋਣ ਦੀ ਆਸ : ਸਿਰਸਾ
ਨਵੀਂ ਦਿੱਲੀ, 11 ਅਪ੍ਰੈਲ (ਵਿਸ਼ਵ ਵਾਰਤਾ) : ਮਹਾਰਾਸ਼ਟਰ ਤੇ ਰਾਜਸਥਾਨ ਦੀਆਂ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਨੇ ਆਪੋ ਆਪਣੇ ਖੇਤਰਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਾ ਕਿ ਉਹਨਾਂ ਨੂੰ ਮਹਾਰਾਸ਼ਟਰ ਤੇ ਰਾਜਸਥਾਨ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਉਹ ਆਪੋ ਆਪਣੇ ਖੇਤਰਾਂ ਵਿਚ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ। ਉਹਨਾ ਦੱਸਿਆ ਕਿ ਉਹਨਾਂ ਨੇ ਐਕਟ ਲਾਗੂ ਕਰਨ ਦਾ ਮਾਮਲਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਅਤੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਕੋਲ ਉਠਾਇਆ ਸੀ ਜਿਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਜਿਸਦੀ ਬਦੌਲਤ ਹੁਣ ਦੋਹੇਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਵਿਚ ਐਕਟ ਲਾਗੂ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਦੇ ਕਾਨੂੰਨ ਤੇ ਨਿਆਂ ਵਿਭਾਗ ਦੇ ਕਾਨੂੰਨੀ ਸਲਾਹਕਾਰ ਕਮ ਜੁਆਇੰਟ ਸਕੱਤਰ ਆਰ ਡੀ ਰਾਵਤ ਨੇ ਉਹਨਾਂ ਨੂੰ ਦੱਸਿਆ ਕਿ ਜਨਤ ਸਿਹਤ ਵਿਭਾਗ ਜੋ ਇਸ ਮਾਮਲੇ ਨੂੰ ਵੇਖਦਾ ਹੈ ਨੂੰ ਐਕਟ ਲਾਗੂ ਕਰਨ ਤੇ ਇਸਦੀ ਸੂਚਨਾ ਭਾਰਤ ਸਰਕਾਰ ਨੂੰ ਦੇਣ ਦੀ ਹਦਾਇਤ ਕੀਤੀ ਗਈ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਦੇ ਗ੍ਰਹਿ ਵਿਭਾਗ ਦੇ ਡਿਪਟੀ ਸਕੱਤਰ ਸੀਮਾ ਕੁਮਾਰ ਨੇ ਉਹਨਾਂ ਨੂੰ ਦੱਸਿਆ ਕਿ ਕਾਨੂੰਨ ਤੇ ਕਾਨੂੰਨ ਮਾਮਲੇ ਮੰਤਰਾਲਾ ਆਨੰਦ ਮੈਰਿਜ ਐਕਟ ਲਾਗੂ ਕਰਨ ‘ਤੇ ਕੰਮ ਕਰ ਰਿਹਾ ਹੈ ਤੇ ਇਹ ਰਾਜ ਵਿਚ ਜਲਦ ਹੀ ਲਾਗੂ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਚੰਡੀਗੜ ਪ੍ਰਸ਼ਾਸਨ ਵੱਲੋਂ ਵੀ ਹੁਣ ਐਕਟ ਲਾਗੂ ਕਰਨ ਦੀ ਤਿਆਰੀ ਹੈ। ਉਹਨਾਂ ਦੱਸਿਆ ਕਿ ਵਧੀਕ ਸਕੱਤਰ ਗ੍ਰਹਿ ਚੰਡੀਗੜ ਨੇ ਇਸਦੀ ਪੁਸ਼ਟੀ ਕੀਤੀ ਹੈ ਕਿ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸੰਤੁਸ਼ਟੀ ਜਾਹਰ ਕੀਤੀ ਕਿ ਹੁਣ ਪੰਜਾਬ, ਹਰਿਆਣਾ, ਦਿੱਲੀ, ਝਾਰਖੰਡ, ਮੇਘਾਲਿਆ, ਹਿਮਾਚਲ ਪ੍ਰਦੇਸ਼ ਆਦਿ ਸਮੇਤ ਬਹੁ ਗਿਣਤੀ ਰਾਜਾਂ ਵਿਚ ਇਹ ਐਕਟ ਲਾਗੂ ਹੋ ਚੁੱਕਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਇੱਛਾ ਅਨੁਸਾਰ ਐਕਟ ਸਾਲ ਦੇ ਅਖੀਰ ਤੱਕ ਭਾਰਤ ਦੇ ਹਰ ਰਾਜ ਵਿਚ ਲਾਗੂ ਹੋ ਜਾਣ ਦੀ ਆਸ ਹੈ।