ਮਨੀਸ਼ ਸਿਸੋਦੀਆ ਦੇ ਰਿਮਾਂਡ ਵਿੱਚ ਵਾਧਾ
ਅਦਾਲਤ ਨੇ ਜ਼ਮਾਨਤ ਅਰਜ਼ੀ ‘ਤੇ ਫੈਸਲਾ ਰੱਖਿਆ ਰਾਖਵਾਂ
ਚੰਡੀਗੜ੍ਹ,4ਮਾਰਚ(ਵਿਸ਼ਵ ਵਾਰਤਾ)- ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕੀਤਾ ਗਿਆ ਹੈ। ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ 6 ਮਾਰਚ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਸਿਸੋਦੀਆ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ‘ਤੇ 10 ਮਾਰਚ ਨੂੰ ਆਪਣਾ ਫੈਸਲਾ ਸੁਣਾਏਗੀ। ਅੱਜ ਸਿਸੋਦੀਆ ਨੂੰ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਅਦਾਲਤ ਤੋਂ ਉਸ ਦੀ ਤਿੰਨ ਦਿਨ ਦੀ ਰਿਮਾਂਡ ਮੰਗੀ ਸੀ। ਗੌਰਤਲਬ ਹੈ ਕਿ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 27 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਸਿਸੋਦੀਆ ਦੀ ਸੀਬੀਆਈ ਨੂੰ 5 ਦਿਨ ਦੀ ਰਿਮਾਂਡ ਦਿੱਤੀ ਸੀ ਜਿਸਦੀ ਰਿਮਾਂਡ ਦੀ ਮਿਆਦ ਅੱਜ ਯਾਨੀ 4 ਮਾਰਚ ਨੂੰ ਖ਼ਤਮ ਹੋ ਗਈ ਹੈ। ਅੱਜ ਹੋਈ ਪੇਸ਼ੀ ਦੌਰਾਨ ਸਿਸੋਦੀਆ ਨੂੰ 6 ਮਾਰਚ ਤੱਕ ਫਿਰ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।