ਭੋਗ ‘ਤੇ ਵਿਸ਼ੇਸ਼; ਸਾਹਿਤ ਦੇ ਸੱਚੇ ਸੇਵਾਦਾਰ ਸਨ ਸੇਵੀ ਰਾਇਤ
ਪੰਜਾਬੀ ਸਾਹਿਤ ਦੇ ਸੱਚੇ ਸੇਵਕ ਸੇਵੀ ਰਾਇਤ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਚਿੱਟੀ ਪੱਗ ਬੰਨ੍ਹਣ ਕਾਰਨ ਲੋਕ ਉਹਨਾਂ ਨੂੰ ਕਿਸੇ ਪਾਰਟੀ ਦਾ ਨੇਤਾ ਸਮਝਦੇ, ਫਰਨੀਚਰ ਦੀ ਦੁਕਾਨ ਉਤੇ ਬੈਠੇ ਦੇਖ ਕੇ ਲੋਕ ਉਹਨਾਂ ਨੂੰ ਵੱਡਾ ਵਪਾਰੀ ਕਹਿੰਦੇ ਪਰ ਇਨ੍ਹਾਂ ਸਭ ਗੱਲਾਂ ਤੋਂ ਅਭਿੱਜ ਉਹ ਖੱਬੇ ਪੱਖੀ ਵਿਚਾਰਧਾਰਾ ਵਾਲੇ ਸਾਹਿਤ ਦੇ ਸੱਚੇ ਪ੍ਰੇਮੀ ਤੇ ਸੇਵਾਦਾਰ ਸਨ। ਸਾਹਿਤ ਨਾਲ ਉਨ੍ਹਾਂ ਦੀ ਬਚਪਨ ਤੋਂ ਨੇੜਤਾ ਹੋ ਗਈ ਜਿਸ ਕਰਕੇ ਉਹਨਾਂ ਨੇ ਨੌਵੀਂ ਜਮਾਤ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦਾ ਜਨਮ 1 ਜਨਵਰੀ 1941 ਨੂੰ ਪਿਤਾ ਸ: ਪੂਰਨ ਸਿੰਘ ਦੇ ਘਰ ਪਿੰਡ ਸਮਰਾਏ ਜ਼ਿਲਾ ਜਲੰਧਰ ਵਿਖੇ ਹੋਇਆ। ਉਹਨਾਂ ਨੇ ਪਹਿਲਾਂ ਗਿਆਨੀ ਅਤੇ ਫੇਰ ਬੀ,ਏ, ਪਾਸ ਕੀਤੀ। ਉਹ ਕੁਝ ਸਮਾਂ ਦਿੱਲੀ ਵੀ ਬਿਜਨਸ ਕਰਦੇ ਰਹੇ ਪਰ ਉਥੋਂ ਹੀ ਦੁਬਈ ਚਲੇ ਗਏ। ਦੁਬਈ ਦਾ ਮੌਸਮ ਰਾਸ ਨਾ ਆਇਆ ਤਾਂ ਚੰਡੀਗੜ੍ਹ ਆ ਗਏ। ਉਹਨਾਂ ਨੇ ਪਹਿਲੀ ਗਜ਼ਲਾਂ ਦੀ ਕਿਤਾਬ “ਜਿੰਦ ਪਰਾਣ” 1980 ਵਿਚ ਛਪਵਾਈ। ਉਸ ਤੋਂ ਬਾਅਦ ਸਮੇਂ ਸਮੇਂ ‘ਤੇ ਪੁਸਤਕਾਂ ਛਪਵਾਉਂਦੇ ਰਹੇ ਅਤੇ ਅਜੇ ਵੀ ਤਿੰਨ ਪੁਸਤਕਾਂ ਛਪਾਈ ਅਧੀਨ ਚਲ ਰਹੀਆਂ ਹਨ। ਉਹਨਾਂ ਨੇ ਜਿਸਮ ਤੋਂ ਜਾਨ ਤੱਕ, ਪ੍ਰਥਾ ਤੋਂ ਪਾਰ, ਖੁੱਲ੍ਹ ਗਏ ਕਿਵਾੜ, ਅਹਿਸਾਸ ਦੇ ਸਬੱਬ, ਹਰਫ ਸਮੇਂ ਦੇ ਹਾਣੀ, ਫੁਲਵਾੜੀ ਵਿਚ ਪਗਡੰਡੀ, ਆਯੁਰਵੈਦਿਕ ਸਲਾਹਕਾਰ ਭਾਗ-1 ਅਤੇ ਭਾਗ-2 ਕਿਤਾਬਾਂ ਛਪਵਾਈਆਂ ਹਨ। ਉਹਨਾਂ ਨੇ ਕਈ ਸਾਹਿਤਕ ਸਭਾਵਾਂ ਚੰਡੀਗੜ੍ਹ ਵਿਚ ਬਣਾਈਆਂ ਜਿਹਨਾ ਵਿਚ ਕਵੀ ਮੰਡਲ, ਕਵਿਤਾ ਕੇਂਦਰ, ਸਾਹਿਤਕ ਵਿਚਾਰ ਮੰਚ ਅਤੇ ਸਾਹਿਤ ਵਿਗਿਆਨ ਕੇਂਦਰ ਸ਼ਾਮਲ ਹਨ। ਦੋ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ। ਭਾਰਤੀ ਦਲਿਤ ਸਾਹਿਤ ਅਕੈਡਮੀ ਨਵੀਂ ਦਿੱਲੀ , ਚੰਡੀਗੜ੍ਹ ਸਾਹਿਤ ਅਕਾਡਮੀ, ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਯੂਏਈ, ਕਵਿਤਾ ਕੇਂਦਰ (ਰਜਿ:) ਚੰਡੀਗੜ੍ਹ, ਨੰਦ ਲਾਲ ਨੂਰਪੁਰੀ ਸਾਹਿਤ ਸਭਾ ਮੋਹਾਲੀ, ਸੂਲ ਸੁਰਾਹੀ ਸਾਹਿਤ ਕੇਂਦਰ (ਰਜਿ:) ਚੰਡੀਗੜ੍ਹ, ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ, ਸਾਹਿਤ ਅਤੇ ਸਭਿਆਚਾਰਕ ਕਲਾ ਮੰਚ (ਰਜਿ:) ਮੋਹਾਲੀ ਵਲੋਂ ਸਨਮਾਨਿਤ ਕੀਤਾ ਗਿਆ। ਉਹ ਪਿਛਲੇ 18 ਸਾਲ ਤੋਂ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਚਲੇ ਆ ਰਹੇ ਸਨ। ਹਰ ਲੇਖਕ ਨੂੰ ਯੋਗ ਅਗਵਾਈ, ਹੌਸਲਾ ਅਫਜ਼ਾਈ ਅਤੇ ਨਿੱਜੀ ਸੰਪਰਕ ਬਣਾ ਕੇ ਰੱਖਣਾ ਉਹਨਾਂ ਦਾ ਵੱਡਾ ਗੁਣ ਸੀ। ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ, ਸਮੇਂ ਦੀ ਪਾਬੰਦੀ ਅਤੇ ਇਕਰਾਰ ਦੇ ਪੱਕੇ ਸਨ। ਕੱਲ੍ਹ 10 ਸਤੰਬਰ (ਐਤਵਾਰ) ਨੂੰ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਸੈਕਟਰ 34, ਚੰਡੀਗੜ੍ਹ ਵਿੱਚ 1.30 ਤੋਂ 2 30 ਵਜੇ ਉਨ੍ਹਾਂ ਦੇ ਸਾਹਿਤਕ ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਵੱਲੋਂ ਸ਼ਰਧਾਂਜ਼ਲੀ ਭੇਟ ਕੀਤੀ ਜਾਵੇਗੀ।
– ਅਵਤਾਰ ਸਿੰਘ ਭੰਵਰਾ