
ਹੁਸ਼ਿਆਰਪੁਰ 26 ਅਗਸਤ (ਵਿਸ਼ਵ ਵਾਰਤਾ)-ਸ਼ਹਿਰ ਦੇ ਆਊਟਡੋਰ ਸਟੇਡੀਅਮ ਦੇ ਨਜ਼ਦੀਕ ਬੁੱਧਵਾਰ ਸਵੇਰ ਨੂੰ ਇਕ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਵੇਰ ਵੇਲੇ ਸੈਰ ਕਰਨ ਵਾਲੇ ਲੋਕਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੇ ਥਾਣਾ ਮਾਡਲ ਟਾਊਨ ਦੇ ਐਸਐਚਓ ਇੰਸਪੈਕਟਰ ਮਨਮੋਹਨ ਭੱਟੀ ਦੀ ਅਗਵਾਈ ਵਿਚ ਥਾਣਾ ਮਾਡਲ ਟਾਊਨ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ।ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਕਾਨ ਨੰਬਰ 1172, ਗਲੀ ਨੰਬਰ 9, ਬਾਬਾ ਬੁੱਧ ਜੀ ਨਗਰ, ਦਕੋਹਾ ਜ਼ਿਲਾ ਜਲੰਧਰ ਵਜੋਂ ਹੋਈ। ਮ੍ਰਿਤਕ ਵਿਅਕਤੀ ਦੀ ਗਰਦਨ ‘ਤੇ ਕੱਟ ਦੇ ਨਿਸ਼ਾਨ ਹੋਣ ਕਾਰਣ ਇਹ ਮੌਤ ਸ਼ੱਕੀ ਹਾਲਤਾਂ ਵਿੱਚ ਹੋਈ ਜਾਪਦੀ ਹੋਣ ਕਾਰਨ ਪੁਲੀਸ ਨੇ ਇਸ ਮਾਮਲੇ ਵਿੱਚ ਜਾਂਚ ਪੜਤਾਲ ਤੇਜ਼ ਕਰ ਦਿੱਤੀ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦਾ ਕਤਲ ਕਰਕੇ ਉਸ ਦੀ ਲਾਸ਼ ਦਰੱਖਤ ਨਾਲ ਲਟਕਾਉਣ ਦਾ ਸ਼ੱਕ ਹੈ ਪ੍ਰੰਤੂ ਅਸਲ ਸਥਿਤੀ ਪੋਸਟ ਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਸਾਫ ਹੋਵੇਗੀ । ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਦੀਪ ਸਿੰਘ ਆਪਣੀ ਭੈਣ ਭਣੋਈਏ ਕੋਲ ਲਾਜਵੰਤੀ ਸਟੇਡੀਅਮ ਨਜ਼ਦੀਕ ਪੈਂਦੇ ਮੁਹੱਲਾ ਨਿਊ ਸ਼ਾਸਤਰੀ ਨਗਰ ਆਇਆ ਹੋਇਆ ਸੀ,ਜੋ ਲਵਲੀ ਯੂਨੀਵਰਸਿਟੀ ਵਿਖੇ ਕੰਮ ਕਰਦਾ ਸੀ ਪ੍ਰੰਤੂ ਕਰੋਨਾ ਕਾਰਨ ਉਸ ਸਾਨੂੰ ਕੰਮ ਤੋਂ ਜਵਾਬ ਦਿੱਤਾ ਗਿਆ ਸੀ।ਮ੍ਰਿਤਕ ਦੇ ਜੀਜੇ ਸਤਨਾਮ ਦਾਸ ਅਤੇ ਭੈਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਕੱਲ ਸਵੇਰੇ 10:30 ਵਜੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਤੋਂ ਅਖ਼ਬਾਰ ਲੈ ਕੇ ਨਿਕਲਿਆ ਸੀ ਤੇ ਰਾਤ ਘਰ ਵਾਪਸ ਨਹੀਂ ਆਇਆ ਪਰ ਸਵੇਰੇ ਉਸ ਦੀ ਮੌਤ ਦੀ ਖਬਰ ਆਈ।ਉਨ੍ਹਾਂ ਦੱਸਿਆ ਕਿ ਨੌਕਰੀ ਜਾਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਨ੍ਹਾਂ ਨੇ ਉਸ ਨੂੰ ਆਟੋ ਲੈ ਕੇ ਕੰਮ ਕਰਨ ਲਈ ਆਖਿਆ।
ਮਿ੍ਤਕ ਦੇ ਜੀਜੇ ਸਤਨਾਮ ਦਾਸ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਨੇ ਕਿਸੇ ਵਿਅਕਤੀ ਕੋਲੋਂ 50000 ਰੁਪਏ ਲੈਣੇ ਸਨ ਅਤੇ ਬੀਤੇ ਦਿਨੀਂ ਉਸ ਨੇ ਦੱਸਿਆ ਸੀ ਕਿ ਉਸ ਨੇ ਉਕਤ ਵਿਅਕਤੀ ਨੂੰ ਕਈ ਵਾਰ ਫੋਨ ਕੀਤੇ ਜੋ 12500 ਰੁਪਿਆ ਦਿੰਦੇ ਸੀ ਜੋ ਮੈਂ ਨਹੀਂ ਲਿਆ।ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਅਰੰਭ ਕਰਦਿਆਂ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਕੇ ਜਾਂਚ ਪੜਤਾਲ ਐਸਆਈ ਦਿਲਬਾਗ ਸਿੰਘ ਨੂੰ ਸੌਂਪ ਦਿੱਤੀ ਹੈ।






















